ਬਠਿੰਡਾ 18 ਜੂਨ, 2019:
ਪੰਜਾਬ ਦੇ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਨਵੇਂ ਮਿਲੇ ਵਿਭਾਗ ਦਾ ਅਹੁਦਾ ਸੰਭਾਲਣ ਉਪਰੰਤ ਅੱਜ ਪਹਿਲੇ ਸੰਗਤ ਦਰਸ਼ਨ ਦੌਰਾਨ ਰਾਮਪੁਰਾ ਸਬ-ਡਵੀਜਨ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ।
ਸੰਗਤ ਦਰਸ਼ਨ ਦੌਰਾਨ ਸ੍ਰੀ ਕਾਂਗੜ ਨੇ ਆਪਣੇ ਵਿਭਾਗ ਤੋਂ ਇਲਾਵਾ ਹੋਰ ਕਈ ਮਹਿਕਮਿਆਂ ਦੇ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ।
ਸੰਗਤ ਦਰਸ਼ਨ ਵਿੱਚ ਰਾਮਪੁਰਾ ਇਲਾਕੇ ਤੋਂ ਇਲਾਵਾ ਆਸ-ਪਾਸ ਦੇ ਜ਼ਿਲਿਆਂ, ਪਿੰਡਾਂ ਅਤੇ ਕਸਬਿਆਂ ਤੋਂ ਵੀ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਦਾ ਸੰਗਤ ਦਰਸ਼ਨ ਦੌਰਾਨ ਹੱਲ ਕਰਵਾਇਆ ਗਿਆ ।
ਸ਼੍ਰੀ ਗੁਰਪ੍ਰੀਤ ਕਾਂਗੜ ਨੇ ਦੱਸਿਆ ਕਿ ਇਸ ਸੰਗਤ ਦਰਸ਼ਨ ਦਾ ਮੁੱਖ ਮੰਤਵ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਹੱਲ ਕਰਨਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਵੱਧ ਤੋਂ ਵੱਧ ਆਮ ਜਨਤਾ ਤੱਕ ਪਹੁੰਚਾ ਕੇ ਫਾਇਦਾ ਦਿਵਾਉਣਾ ਹੈ ।
ਉਨਾਂ ਦੱਸਿਆ ਕਿ ਨਵੇਂ ਮਿਲੇ ਵਿਭਾਗ ਵਿੱਚ ਉਨਾਂ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਮਾਲ ਵਿਭਾਗ ਦੇ ਨਾਲ ਸਬੰਧਤ ਸੁਵਿਧਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਉਨਾਂ ਦਾ ਮੁੱਖ ਕਾਰਜ ਹੋਵੇਗਾ ।
ਸੰਗਤ ਦਰਸ਼ਨ ਦੌਰਾਨ ਮੋਗਾ ਦੇ ਪਿੰਡ ਦੀਨਾ ਸਹਿਬ ਤੋਂ ਆਏ ਮਨਦੀਪ ਸਿੰਘ ਜੋ ਕਿ ਇੱਕ ਸੜਕ ਹਾਦਸੇ ਵਿੱਚ ਆਪਣੀਆਂ ਦੋਵੇਂ ਲੱਤਾਂ ਗਵਾ ਚੁੱਕਿਆ ਹੈ, ਦੀ ਦਾਸਤਾਂ ਸੁਣਕੇ ਸ਼੍ਰੀ ਕਾਂਗੜ ਨੇ ਉਸਦੀ ਵੱਧ ਤੋਂ ਵੱਧ ਸਹਾਇਤਾ ਕਰਨ ਦਾ ਵਾਅਦਾ ਕੀਤਾ । ਮਨਦੀਪ ਨੇ ਦੱਸਿਆ ਕਿ ਹਾਦਸੇ ਦੌਰਾਨ ਉਸਦੇ ਮੋਟਰ ਸਾਇਕਲ ਉਪਰੋਂ ਇੱਕ ਟਿੱਪਰ ਨਿਕਲ ਗਿਆ ਸੀ ਜਿਸ ਉਪਰੰਤ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।
ਸ਼੍ਰੀ ਕਾਂਗੜ ਨੇ ਸੜਕ ਹਾਦਸੇ ਦੇ ਪੀੜਤ ਨੂੰ ਆਰਥਿਕ ਮਦਦ ਤੋਂ ਇਲਾਵਾ ਉਸ ਦੀ ਮਾਹਿਰ ਵਕੀਲਾਂ ਰਾਹੀਂ ਕੋਰਟ ਵਿੱਚ ਵੀ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿਵਾਇਆ ਤਾਂ ਜੋ ਉਸ ਨੂੰ ਕੋਰਟ ਰਾਹੀਂ ਵੀ ਮਾਲੀ ਮਦਦ ਮਿਲ ਸਕੇ ।
ਸ਼੍ਰੀ ਕਾਂਗੜ ਨੇ ਸੰਗਤ ਦਰਸ਼ਨ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਲਗਭਗ 1300 ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ ਤਾਂ ਜੋ ਪਿੰਡਾਂ ਅੰਦਰ ਕਿਸਾਨਾਂ ਨੂੰ ਰੈਵਨਿਉ ਮਹਿਕਮੇ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਪਿੰਡ ਪੱਧਰ ਤੇ ਹੀ ਹੱਲ ਕੀਤੀਆਂ ਜਾ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਫੂਲ ਜ਼ਸਵੀਰ ਸਿੰਘ, ਐਸ.ਡੀ.ਐਮ. ਫੂਲ ਖੁਸ਼ਦਿਲ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।