ਰੋਜ਼ਗਾਰ ਦੇਣ ਦੇ ਮਾਮਲੇ ਵਿੱਚ ਸੂਬੇ ਭਰ ਵਿੱਚੋਂ ਮੋਹਰੀ ਰਹਿਣ ਉਤੇ ਕੈਪਟਨ ਅਮਰਿੰਦਰ ਨੇ ਐਸ.ਏ.ਐਸ. ਨਗਰ ਦਾ ਕੀਤਾ ਸਨਮਾਨ

ਐਸ.ਏ.ਐਸ. ਨਗਰ, 5 ਅਕਤੂਬਰ

ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਉਦੋਂ ਇਕ ਹੋਰ ਮਾਅਰਕਾ ਮਾਰਿਆ, ਜਦੋਂ ਰੋਜ਼ਗਾਰ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਨ ਦੇ ਮਾਮਲੇ ਵਿੱਚ ਸੂਬੇ ਭਰ ਵਿੱਚੋਂ ਮੋਹਰੀ ਰਹਿਣ ਉਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਮਕੌਰ ਸਾਹਿਬ (ਰੂਪਨਗਰ) ਵਿੱਚ ਹੋਏ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਨਮਾਨ ਪੱਤਰ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਅਤੇ ਡਿਪਟੀ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਸ੍ਰੀ ਮਨਜੇਸ਼ ਕੁਮਾਰ ਨੇ ਹਾਸਲ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ ਪੰਜਵੇਂ ਰੋਜ਼ਗਾਰ ਮੇਲੇ ਦੌਰਾਨ 11 ਦਿਨਾਂ ਵਿੱਚ ਸੱਤ ਥਾਵਾਂ ਉਤੇ ਲੱਗੇ ਰੋਜ਼ਗਾਰ ਮੇਲਿਆਂ ਦੌਰਾਨ ਜ਼ਿਲ੍ਹੇ ਵਿੱਚ 13,300 ਨੌਜਵਾਨਾਂ ਨੂੰ ਮੋਹਰੀ ਕੰਪਨੀਆਂ ਨੇ ਨੌਕਰੀਆਂ ਦੇਣ ਲਈ ਚੁਣਿਆ, ਜਦੋਂ ਕਿ 3808 ਨੂੰ ਨੌਜਵਾਨਾਂ ਦੀ ਸਵੈ ਰੋਜ਼ਗਾਰ ਲਈ ਚੋਣ ਹੋਈ।

ਇਸ ਸਨਮਾਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 20 ਤੋਂ 30 ਸਤੰਬਰ ਤੱਕ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਰੋਜ਼ਗਾਰ ਮੇਲੇ ਕਰਵਾਏ ਗਏ।

ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ 21,977 ਉਮੀਦਵਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ 13,300 ਨੌਜਵਾਨ ਨੌਕਰੀਆਂ ਲਈ ਚੁਣੇ ਗਏ, ਜਦੋਂ ਕਿ 441 ਨੌਜਵਾਨਾਂ ਨੂੰ ਵੱਖ ਵੱਖ ਬਹੁਕੌਮੀ ਤੇ ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਸ਼ਾਰਟ ਲਿਸਟ ਕੀਤਾ। ਉਨ੍ਹਾਂ ਕਿਹਾ ਕਿ 3808 ਉਮੀਦਵਾਰਾਂ ਦੀ ਸਵੈ ਰੋਜ਼ਗਾਰ ਲਈ ਚੋਣ ਕੀਤੀ ਗਈ, ਜਦੋਂ ਕਿ 520 ਨੂੰ ਹੁਨਰ ਸਿਖਲਾਈ ਲਈ ਚੁਣਿਆ ਗਿਆ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਕਈ ਮੋਹਰੀ ਕੰਪਨੀਆਂ ਪੁੱਜੀਆਂ ਅਤੇ ਨੌਜਵਾਨਾਂ ਨੇ ਆਪਣੀ ਪਸੰਦ ਮੁਤਾਬਕ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਐਮੇਜ਼ੋਨ, ਮਾਰੂਤੀ ਸੁਜ਼ੂਕੀ, ਆਈ.ਸੀ.ਆਈ.ਸੀ.ਆਈ. ਬੈਂਕ, ਪੁਜਾਰਾ ਹੈਲਥਕੇਅਰ ਅਤੇ ਮਹਿੰਦਰਾ ਤੇ ਮਹਿੰਦਰਾ ਵਰਗੀਆਂ ਕੰਪਨੀਆਂ ਪੁੱਜੀਆਂ।

Share News / Article

Yes Punjab - TOP STORIES