ਰੋਪੜ-ਫ਼ਗਵਾੜਾ ਹਾਈਵੇਅ ਨੂੰ ‘ਗਰੀਨ ਕੌਰਡੋਰ’ ਵਿੱਚ ਤਬਦੀਲ ਕਰੇਗਾ ਮਾਨ ਸਰਕਾਰ, ਕਟਾਰੂਚੱਕ ਵੱਲੋਂ ਅਧਿਕਾਰੀਆਂ ਨੂੰ ਪ੍ਰਸਤਾਵ ਭੇਜਣ ਦੇ ਨਿਰਦੇਸ਼

ਯੈੱਸ ਪੰਜਾਬ
ਨਵਾਂਸ਼ਹਿਰ, 6 ਮਈ, 2022 –
ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ੁੱਕਰਵਾਰ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰੋਪੜ-ਫਗਵਾੜਾ ਚਾਰ ਮਾਰਗੀ ਹਾਈਵੇਅ ਨੂੰ ਮੁਕੰਮਲ ਗਰੀਨ ਕੋਰੀਡੋਰ ਵਿੱਚ ਬਦਲਣ ਦਾ ਪ੍ਰਸਤਾਵ ਭੇਜਣ।

ਅੱਜ ਜ਼ਿਲ੍ਹੇ ਵਿੱਚ ਸੁਧਾ ਮਾਜਰਾ ਨੇੜੇ ਰੋਪੜ-ਫਗਵਾੜਾ ਚਾਰ ਮਾਰਗੀ ਹਾਈਵੇਅ ਦੇ 80 ਕਿਲੋਮੀਟਰ ਦੇ ਦੋਵੇਂ ਪਾਸੇ ਲਗਾਏ ਗਏ 29856 ਸਜਾਵਟੀ ਅਤੇ ਹੋਰ ਬੂਟਿਆਂ ਦੇ ਨਿਰੀਖਣ ਦੌਰਾਨ ਜੰਗਲਾਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਰਾਸ਼ਟਰੀ ਰਾਜ ਮਾਰਗ ਦੇ ਨਾਲ-ਨਾਲ ਬੂਟੇ ਲਗਾਉਣ, ਸੁੰਦਰੀਕਰਨ, ਘਾਹ ਵਿਛਾਉਣ, ਲੈਂਡਸਕੇਪਿੰਗ ਦੇ ਹੋਰ ਕੰਮ ਕੀਤੇ ਜਾਣਗੇ।

ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜੰਗਲਾਤ ਅਧਿਕਾਰੀਆਂ ਨੂੰ ਦੋਵੇਂ ਪਾਸੇ ਖਾਲੀ ਰਹਿੰਦੀਆਂ ਥਾਵਾਂ ਤੇ ਸਜਾਵਟੀ ਤੇ ਸ਼ੀਸ਼ਮ ਦੇ ਰੁੱਖ ਲਗਾਉਣ ਲਈ ਵਿਆਪਕ ਨੀਤੀ ਬਣਾਉਣ ਲਈ ਕਿਹਾ ਤਾਂ ਜੋ ਇਸ ਨੂੰ ਹੋਰ ਸੁੰਦਰ ਦਿੱਖ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਅਗਲੇ ਪੰਦਰਵਾੜੇ ਦੇ ਅੰਦਰ ਅੰਦਰ ਪ੍ਰਸਤਾਵ ਪੇਸ਼ ਹੋ ਜਾਣਾ ਚਾਹੀਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਕੰਮ ਸ਼ੁਰੂ ਕੀਤਾ ਜਾ ਸਕੇ। ਜੰਗਲਾਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਹਾਈਵੇਅ ਖੇਤਰਾਂ ਦੇ ਕਿਨਾਰਿਆਂ ਨੂੰ ਹਰੇ ਭਰੇ ਜੰਗਲਾਂ ਵਿੱਚ ਬਦਲਣ ਵਿੱਚ ਮਦਦ ਕਰੇਗਾ।

ਇਸ ਦੌਰਾਨ ਉਨ੍ਹਾਂ ਨੇ 2020-21 ਵਿੱਚ 17877 ਅਤੇ 2021-22 ਵਿੱਚ 11979 ਸਮੇਤ 29856 ਬੂਟਿਆਂ ਦੇ ਵਾਧੇ ਤੇ ਵਿਕਾਸ ‘ਤੇ ਤਸੱਲੀ ਪ੍ਰਗਟਾਈ ਜੋ ਕਿ 90 ਫੀਸਦੀ ਤੋਂ ਵੱਧ ਹੈ।

ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਪੰਜਾਬ ਪਰਵੀਨ ਕੁਮਾਰ, ਡੀ.ਐਫ.ਓ ਸਤਿੰਦਰ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ