ਰੋਪੜ ਹੈੱਡਵਰਕ ਤੋਂ 2,23,746 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡੀ.ਸੀ ਜਲੰਧਰ ਵਲੋਂ ਜ਼ਿਲ੍ਹੇ ਦੇ 81 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼

ਜਲੰਧਰ, 18 ਅਗਸਤ, 2019:

ਰੋਪੜ ਹੈੱਡ ਵਰਕ ਤੋਂ 2,23,746 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ,ਸ਼ਾਹਕੋਟ ਅਤੇ ਫਿਲੌਰ ਦੇ ਐਸ.ਡੀ.ਐਮਜ਼ ਨੂੰ ਨਿਦਰੇਸ਼ ਜਾਰੀ ਕੀਤੇ ਹਨ ਕਿ ਉਹ ਜ਼ਿਲ੍ਹੇ ਦੇ 81 ਨੀਵੇਂ ਇਲਾਕੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅ ਥਾਵਾਂ ਤੇ ਪਹੁੰਚਾਉਣ।

ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟ੍ਰੇਟਸ ਨੂੰ ਜਿਨ੍ਹਾਂ ਪਿੰਡਾਂ ਨੂੰ ਖਾਲੀ ਕਰਾਉਣ ਲਈ ਕਿਹਾ ਹੈ ਉਨ੍ਹਾਂ ਵਿੱਚੋਂ 63 ਸ਼ਾਹਕੋਟ ਸਬ ਡਵੀਜ਼ਨ ਦੇ, 13 ਫਿਲੌਰ ਦੇ ਤੇ ਪੰਜ ਨਕੋਦਰ ਸਬ ਡਵੀਜ਼ਨ ਦੇ ਹਨ। ਇਨ੍ਹਾਂ ਪਿੰਡਾਂ ਵਿਚ ਸ਼ਾਹਕੋਟ ਸਬ ਡਵੀਜ਼ਨ ਦੇ ਰਾਮੇ, ਤੇਹਰਪੁਰ, ਚੱਕ ਬਾਹਮਣੀਆਂ, ਰਾਜਾਵਾਲੀ, ਜਨੀਆਂ, ਚੱਕ ਵਡਾਲਾ, ਗੱਟਾ ਮੁੰਡੀ ਕਾਸੂ, ਮੰਡੀ ਸ਼ੇਰੀਆਂ, ਸੰਡ, ਫਕਰੂਵਾਲ, ਭੋਏਪੁਰ, ਬਾਜਵਾ ਖੁਰਦ, ਅਲਦਾਲਪੁਰ, ਤਲਵੰਡੀ ਬੂਟੀਆਂ, ਨਵਾਂ ਪਿੰਡ ਖਲੇਵਾਲ, ਰੋਹੜੂ, ਕਮਾਲਪੁਰ, ਜਤੌਰ ਕਲਾਂ, ਚੱਕ ਗੱਡੀਆਂਪੁਰ, ਭਗਵਾਨ, ਗੱਟ ਰਾਏਪੁਰ, ਜਨੀਆਂ, ਚਾਹਲ, ਮਹਾਰਾਜਵਾਲਾ, ਮੁੰਡੀ ਚੋਲੀਆਂ, ਕੋਠਾ, ਕੌਂਤ ਬੱਗਾ, ਫਜ਼ਲਵਾਲਾ, ਸੰਧਨਵਾਲ ਲੌਂਗੋਵਾਲ, ਸਹਿਲਪੁਰ, ਬੁੱਢਾ ਵਾਲਾ, ਬਾਜਵਾ ਕਲਾਂ, ਸਾਰੰਗਵਾਲ, ਕਿੱਲੀ, ਸੰਗਤਪੁਰ, ਤੇਹਾਰਪੁਰ, ਪੱਤੋ ਕਲਾਂ, ਪੱਤੋ ਖੁਰਦ, ਕੋਹਾਰ ਖੁਰਦ, ਜਾਫੋਰਵਾਲ, ਮਾਣਕਪੁਰ, ਕੱਕੜ ਕਲਾਂ, ਕੱਕੜ ਖੁਰਦ, ਕੋਟਲੀ ਕੰਬੋਆਂ, ਹੇਰਾਂ, ਮੋਬਰੀਵਾਲ, ਰਾਏਪੁਰ, ਗੱਤੀ ਪੀਰਬਕਸ਼, ਕੰਗ ਖੁਰਦ, ਤੇਹ ਖੁਸ਼ਹਾਲਗੜ, ਜਲਾਲਪੁਰ ਖੁਰਦ, ਗਿੱਦੜਪਿੰਡੀ, ਦਰੇਵਾਲ, ਕੁਤਬੇਵਾਲ, ਮੰਡਾਲਾ ਛਾਨਾ, ਹੱਠੀਆਂ, ਦਾਨੇਵਾਲ, ਬਾਓਪੁਰ, ਲੋਹਗੜ੍ਹ ਤੇ ਮਨੋਮੱਛੀ ਸ਼ਾਮਿਲ ਹਨ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਫਿਲੌਰ ਦੇ ਨੀਵੇਂ ਇਲਾਕੇ ਜਿਨ੍ਹਾਂ ਵਿਚ ਅਚਣਚੱਕ,ਛੋਲੇ ਬਾਜ਼ਾਰ,ਕਾਦੀਆਂ,ਗੰਨਾਂ ਪਿੰਡ,ਮਾਉਵਾਲ,ਮਾਉ ਸਾਹਿਬ, ਖੈਰਾ ਬੇਟ, ਲਸਾਰਾ,ਰਾਏਪੁਰ ਆਰੀਆ,ਸੇਲਕੀਆਨਾ,ਝੰਡੀਪੀਰ,ਭੋਲੇਵਾਲ, ਭੋਡਾ ਅਤੇ ਨਕੋਦਰ ਦੇ ਭੂਟੇ ਦਾ ਛੰਨਾ,ਮਾਦੇਪੁਰ,ਸੰਗੋਵਾਲ,ਗਾਦਰਾ ਬੋਦਾ ਅਤੇ ਨੱਕੀਆਂ ਨੂੰ ਜਲਦ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਭਾਖੜਾ ਡੈੱਮ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਨੀਵੇਂ ਇਲਾਕਿਆਂ ਤੋਂ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਜ਼ਰੂਰੀ ਹੈ। ਉਨਾਂ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਵਧਣ ਕਾਰਨ ਸ਼ਾਮ ਤੱਕ ਪਾਣੀ ਜਲੰਧਰ ਪਹੁੰਚਣ ਦੀ ਸੰਭਾਵਨਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਸ਼ਾਹਕੋਟ, ਨਕੋਦਰ ਅਤੇ ਫਿਲੌਰ ਨੂੰ ਹਾਈ ਅਲਰਟ ‘ਤੇ ਰਹਿਣ ਲਈ ਨਿਦਰੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਅਫਸਰਾਂ ਨੂੰ ਨੀਵੇਂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ । ਉਨਾਂ ਕਿਹਾ ਕਿ ਐਸ.ਡੀ.ਐਮਜ਼ ਵਲੋਂ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਪਹੁੰਚਾਉਣ ਲਈ ਪਹਿਲਾਂ ਹੀ ਜ਼ਿਲ੍ਹੇ ਵਿਚ ਸੁਰੱਖਿਅਤ ਥਾਵਾਂ ਦੀ ਪਹਿਚਾਣ ਕਰ ਲਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨਵਰਾਂ ਦੇ ਲਈ ਸੁੱਕੇ ਰਾਸ਼ਨ ਦੇ ਪ੍ਰੰਬਧ ਕਰ ਲਏ ਗਏ ਹਨ ਲੋੜ ਪੈਣ ਤੇ ਮੰਡੀਆਂ ਨੂੰ ਰਾਹਤ ਕੈਂਪਾਂ ਵਿਚ ਤਬਦੀਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਨੂੰ ਤਿਆਰ ਰਹਿਣ ਅਤੇ ਪਾਵਰਕੋਮ ਨੂੰ ਰਾਹਤ ਕੈਂਪਾਂ ਵਿਚ ਬਿਜਲੀ ਦੀ ਸਪਲਾਈ ਲਈ ਵੀ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਮਦਦ ਦੀ ਖੜੀ ਵਿਚ ਲੋਕਾਂ ਦੀ ਸਹਾਇਤਾ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਗੋਤਾਖੋਰਾਂ ਦੀਆਂ ਸੇਵਾਵਾਂ ਵੀ ਲਈਆ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜ, ਐਨਡੀਆਰਐਫ ਤੇ ਐਸਡੀਆਰਐਫ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।

Yes Punjab - Top Stories