ਚੰਡੀਗੜ੍ਹ, 25 ਜੂਨ, 2019:
ਪੰਜਾਬ ਵਿਚ ਸਰਕਾਰੀ ਜਨਤਕ ਆਵਾਜਾਈ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਬੱਸਾਂ ਵਿਚ ਵਹੀਕਲ ਟਰੈਕਿੰਗ ਸਿਸਟਿਮ ਸਿਸਟਿਮ ਲਗਾਏ ਜਾਣਗੇ।ਇਸ ਗੱਲ ਦਾ ਖੁਲਾਸਾ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਜਨਰਲ ਮੈਨੇਜਰਾਂ ਦੀ ਮੀਟਿੰਗ ਵਿਚ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਬੱਸਾਂ ਦਾ ਰੂਟ ‘ਤੇ ਚਲਦੇ ਦੌਰਾਨ ਸਹੀ ਸਥਾਨ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਿਮ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਇਹ ਵੀ ਪਤਾ ਲਗ ਜਾਵੇਗਾ ਕਿ ਡਰਾਇਵਰ ਵਲੋਂ ਕਿਸ ਸ਼ਹਿਰ ਜਾਂ ਕਸਬੇ ‘ਤੇ ਬੱਸ ਨੂੰ ਕਿੰਨੀ ਦੇਰ ਲਈ ਰੋਕਿਆ ਗਿਆ ਜਾਂ ਫਿਰ ਕਿਸ ਬਸ ਅੱਡੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਹੀਕਲ ਟਰੈਕਿੰਗ ਸਿਸਟਿਮ ਦੇ ਰੀਅਲ ਟਾਇਮ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਮ ਦਾ ਪ੍ਰੀਖਣ ਪੀ.ਆਰ.ਟੀ.ਸੀ. ਦੀਆਂ 350 ਬੱਸਾਂ ਵਿਚ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਪ੍ਰਣਾਲ਼ੀ ਨੂੰ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ ਸਾਰੀਆਂ ਬੱਸਾਂ ਵਿਚ ਲਾਗੂ ਕੀਤਾ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਸਾਂ ਦੇ ਰੂਟਾਂ ਦੇ ਨਿਰਧਾਰਿਤ ਸਮੇਂ ਦੀ ਚੈਕਿੰਗ ਲਈ ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਜਿਲਿ੍ਹਆਂ ਵਿਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਮੌਕੇ ‘ਤੇ ਉਲੰਘਣਾ ਕਰਨ ਵਾਲੀਆਂ ਬੱਸਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰੰਮ ਦੌਰਾਨ ਵਿਭਾਗ ਦੇ ਜਰਨਲ ਮੈਨੇਟਜਰ, ਆਰ.ਟੀ.ਏ. ਦੀ ਅਗਵਾਈ ਅਧੀਨ ਹਰ ਲਾਜਮੀ ਜਾਣਕਾਰੀ ਮੁਹੱਈਆ ਕਰਵਾਉਣਗੇ।
ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਜਿਲ੍ਹਾਵਾਰ ਰੋਡਵੇਜ਼ ਦੇ ਜਨਰਲ ਮੈਨੇਜਰਾਂ ਤੋਂ ਵਿਭਾਗੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਰੋਡਵੇਜ਼ ਵਿਭਾਗ ਨੂੰ ਘਾਟੇ ਵਿਚੋਂ ਕੱਢਣ ਲਈ ਅਤੇ ਵਿਭਾਗ ਦੀ ਆਮਦਨ ਵਧਾਉਣ ਲਈ ਸਾਰੇ ਜਨਰਲ ਮੈਨੇਜਰਾਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ ਤਾਂ ਜੋ ਲੰਮੇ ਸਮੇਂ ਤੋਂ ਘਾਟਾ ਝੱਲ ਰਹੇ ਵਿਭਾਗੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਿਲਿ੍ਹਆਂ ਵਿਚ ਕਿਸੇ ਵੀ ਪੱਧਰ ‘ਤੇ ਜਨਰਲ ਮੈਨੇਜਰਾਂ ਵਲੋਂ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਸਬੰਧਤ ਅਫਸਰ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਆਵਾਜਾਈ ਅਧੀਨ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੀ.ਆਰ.ਟੀ.ਸੀ. ਨੂੰ ਜਲਦ 100 ਨਵੀਆਂ ਬੱਸਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ ਬੱਸ ਅੱਡਿਆਂ ਦੇ ਸੁੰਦਰੀਕਰਨ ਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹਰ ਬੱਸ ਅੱਡੇ ‘ਤੇ ਇੰਟਰਨੈੱਟ ਦੀ ਮੁਫਤ ਵਾਈ-ਸੇਵਾ ਮੁਹੱਈਆ ਕਰਵਾਈ ਜਾਵੇਗੀ ਜਦਕਿ ਲੁਧਿਆਣਾ ਤੇ ਜਲੰਧਰ ਵਿਚ ਮੁਫਤ ਵਾਈ-ਫਾਈ ਸੇਵਾ ਨੂੰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ।
ਟਰਾਂਸਪੋਰਟ ਮੰਤਰੀਆਂ ਨੇ ਸੂਬੇ ਦੇ ਹਰ ਇਲਾਕੇ ਵਿਚ ਸਰਕਾਰੀ ਬੱਸਾਂ ਦੀ ਸਹੂਲਤ ਮਹੁੱਈਆ ਕਰਵਾਉਣ ਲਈ ਇਕ ਹਫਤੇ ਦੌਰਾਨ ਡਰਾਇਵਰਾਂ, ਕੰਡਕਟਰਾਂ ਤੇ ਹੋਰ ਸਟਾਫ ਦੀਆਂ ਮਜੂੰਰਸ਼ੁਦਾ ਖਾਲੀ ਅਸਾਮੀਆਂ ਦਾ ਵੇਰਵਾ ਭੇਜਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੀਆਂ ਸੇਵਾਵਾਂ ਨੂੰੰ ਨਿਜੀ ਬੱਸਾਂ ਤੋਂ ਬਿਹਤਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਜਿਸ ਲਈ ਜਿਲਿ੍ਹਆਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ।
ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਟਰਾਂਸਪੋਰਟ, ਕੇ. ਸਿਵਾ ਪਰਸਾਦ, ਡਾਇਰੈਕਟਰ ਟਰਾਂਸਪੋਰਟ ਤੇਜਿੰਦਰ ਸਿੰਘ ਧਾਲੀਵਾਲ ਏ.ਐਮ.ਡੀ, ਪੀ.ਆਰ.ਟੀ.ਸੀ. ਅਮਿਤ ਬੈੰਬੀ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।