ਰੂਸ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਵਫਦ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਪ੍ਰਗਟਾਈ

ਚੰਡੀਗੜ, 8 ਨਵੰਬਰ, 2019 –
ਸੂਬੇ ਵਿੱਚ ਰੂਸੀ ਕੰਪਨੀਆਂ ਤੋਂ ਨਿਵੇਸ਼ ਜੁਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਰੂਸ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਰੂਸੀ ਸਟੇਟ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਆਈਗੋਰ ਸ਼ੁਵਾਲੋਵ ਨੂੰ ਰਾਜ ਵਿੱਚ ਹੋਣ ਵਾਲੇ ਪ੍ਰੋਗੈਸਿਵ ਨਿਵੇਸ ਸੰਮੇਲਨ-2019 ਵਿੱਚ ਰੂਸੀ ਵਫਦ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਹੈ। ਇਹ ਸੰਮੇਲਨ 5 ਅਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ , ਮੋਹਾਲੀ ਵਿਖੇ ਕਰਵਾਇਆ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਨਿਵੇਸ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਫਦ ਵਲੋਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਸਮੇਤ ਨਿਵੇਸ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਦੀ ਅਗਵਾਈ ਵਿੱਚ ਸ੍ਰ੍ਰੀ ਇਗੋਰ ਸ਼ੁਵਾਲੋਵ ਅਤੇ ਵੀ.ਈ.ਬੀ ਦੇ ਉਪ ਚੇਅਰਮੈਨ ਸ੍ਰੀ ਤਸੇਖੋਮਸਕੀ ਸਮੇਤ 20 ਮੈਂਬਰੀ ਵਫਦ ਨਾਲ ਮੁਲਾਕਾਤ ਕੀਤੀ ਗਈ।

ਬੁਲਾਰੇ ਨੇ ਦੱਸਿਆ ਕਿ ਰੂਸੀ ਵਫਦ ਭਾਰਤ ਵਿੱਚ ਸਮਾਰਟ ਸਿਟੀਜ਼, ਬਿਜਲੀ, ਪਾਣੀ, ਸਿਹਤ ਸਹੂਲਤਾਂ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਸਾਂਝਾ ਨਿਵੇਸ਼ ਕਰਨ ਦੇ ਮੌਕੇ ਤਲਾਸ਼ ਰਿਹਾ ਸੀ। ਵਫਦ ਨੇ ਪੰਜਾਬ ਸਰਕਾਰ ਨਾਲ ਸਬੰਧ ਕਾਇਮ ਕਰਨ ਅਤੇ ਸਾਂਝੇ ਨਿਵੇਸ਼ ਵਾਲੇ ਖੇਤਰਾਂ ਦੀਆਂ ਸੰਭਾਵਨਾਵਾਂ ਤਲਾਸ਼ਨ ਲਈ ਸੂਬੇ ਦਾ ਦੌਰਾ ਕੀਤਾ ਸੀ।

ਬੁਲਾਰੇ ਨੇ ਦੱਸਿਆ ਕਿ ਸਮਾਰਟ ਸਿਟੀਜ਼ ਪ੍ਰੋਜੈਕਟ ਲਈ ਸੂਬਾ ਸਰਕਾਰ ਵਲੋਂ ਪਹਿਲਾਂ ਹੀ ਤਿੰਨ ਸ਼ਹਿਰਾਂ-ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ ਜਿੱਥੇ ਸਮਾਰਟ ਤੇ ਇਲੈਟ੍ਰਿਕ ਮੋਬਿਲਟੀ ਨੂੰ ਸਥਾਪਤ ਕਰਨਾ ਮੁੱਖ ਟੀਚਾ ਹੈ।

ਵਫਦ ਨੂੰ ਉਦਯੋਗ ਸਥਾਪਤ ਕਰਨ ਦੇ ਖੇਤਰ ਵਿੱਚ ਵੱਖ ਵੱਖ ਸਹੂਲਤਾਂ ਮੁੱਈਆ ਕਰਾਉਣ ਲਈ ਬਦਲਣਯੋਗ ਉਪਰਾਲਿਆਂ ਤੋਂ ਜਾਣੂ ਕਰਵਾਉਂਦਿਆਂ ਰਜਤ ਅਗਰਵਾਲ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਪੰਜਾਬ 50,000 ਕਰੋੜ ਰੁਪਏ ਦਾ ਨਿਵੇਸ਼ ਜੁਟਾਉਣ ਵਿੱਚ ਸਫਲ ਰਿਹਾ ਹੈ।

ਉਨ੍ਹਾਂ ਨੇ ਵਫਦ ਨੂੰ ਪੰਜਾਬ ਵਿੱਚ ਵਿਸ਼ੇਸ਼ ਕਰਕੇ ਸਮਾਰਟ ਸਿਟੀਜ਼ ਵਿੱਚ ਨਿਵੇਸ਼ ਕਰਨ ਦੇ ਲਾਭ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੇ ਸਭ ਤੋਂ ਵਧ ਸ਼ਹਿਰੀ ਆਬਾਦੀ ਵਾਲੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਕਿ ਨਵੀਂ ਸ਼ੁਰੂਆਤ ਕਰਨ ਲਈ ਵਿਸ਼ੇਸ਼ ਕਰਕੇ ਖੇਤੀ ਤਕਨਾਲੋਜੀ ਦੇ ਖੇਤਰ ਵਿੱਚ ਅਸੀਮ ਸੰਭਾਵਨਾਵਾਂ ਹਨ।

ਸੂਬਾ ਵਿੱਚ ਸਮਾਰਟ ਇਲੈਕਟ੍ਰੋਨਿਕਸ ਅਤੇ ਵਾਹਨਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਲੁਧਿਆਣਾ ਵਿਖੇ 380 ਏਕੜ ਦੇ ਖੇਤਰ ਵਿੱਚ ਇੰਡਸਟ੍ਰੀਅਲ ਪਾਰਕ-ਹਾਈਟੈਕ ਵੈਲੀ ਸਥਾਪਤ ਕੀਤੀ ਜਾ ਰਹੀ ਹੈ ਜਿਥੇ ਇਲੈਕਟ੍ਰਿਕ ਵਹੀਕਲ ਅਤੇ ਬੈਟਰੀ ਉਤਪਾਦਨ ਯੂਨਿਟਾਂ ਵੀ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੂਬਾ ਜਲ ਸੋਧਕ ਪਲਾਂਟ, ਡਿਜ਼ਾਈਨ ਸਬੰਧੀ ਸਹੂਲਤਾਂ, ਕਨਵੈਂਸ਼ਨ ਅਤੇ ਪ੍ਰਦਰਸ਼ਨੀ ਕੇਂਦਰ, ਵੇਅਰਹਾਊਸਿੰਗ ਤੇ ਲਾਜਿਸਟਿਕ ਸੇਵਾਵਾਂ ਆਦਿ ਸਹੂਲਤਾਂ ਮੁਹੱਈਆ ਕਰਵਾਏਗਾ।

Share News / Article

YP Headlines

Loading...