ਯੈੱਸ ਪੰਜਾਬ
ਜਲੰਧਰ, 9 ਜਨਵਰੀ, 2022:
ਕੁਲਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ ਮੁੜ ਟਲ ਗਈ ਹੈ। ਕਾਂਗਰਸ ਪਾਰਟੀ ਵੱਲੋਂ ਇਹ ਫ਼ੈਸਲਾ ਚੋਣ ਕਮਿਸ਼ਨ ਵੱਲੋਂ 15 ਜਨਵਰੀ ਤਕ ਜਨਤਕ ਰੈਲੀਆਂ ’ਤੇ ਲਗਾਈ ਗਈ ਪਾਬੰਦੀ ਦੇ ਮੱਦੇਨਜ਼ਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ 15 ਜਨਵਰੀ ਨੂੰ ਮੋਗਾ ਅੰਦਰ ਕਿੱਲੀ ਚਹਿਲਾਂ ਵਿਖ਼ੇ ਕਾਂਗਰਸ ਦੀ ਚੋਣ ਮੁਹਿੰਮ ਦੇ ਆਗਾਜ਼ ਲਈ ਇਕ ਵੱਡੀ ਜਨਤਕ ਰੈਲੀ ਕੀਤੇ ਜਾਣ ਦਾ ਪ੍ਰੋਗਰਾਮ ਸੀ।
ਇਸ ਤੋਂ ਪਹਿਲਾਂ ਵੀ ਸ੍ਰੀ ਰਾਹੁਲ ਗਾਂਧੀ ਦੀ ਰੈਲੀ 3 ਜਨਵਰੀ ਲਈ ਰੱਖੀ ਗਈ ਸੀ ਜੋ ਮੁਲਤਵੀ ਕੀਤੀ ਗਈ ਸੀ।
ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿੱਚ ਲੱਗੀ ਝੜੀ ਕਾਰਨ ਰੈਲੀ ਵਾਲੀ ਜਗ੍ਹਾ ’ਤੇ ਬਰਸਾਤੀ ਪਾਣੀ ਭਰ ਗਿਆ ਸੀ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਕੈਬਨਿਟ ਮੰਤਰੀਆਂ ਰਾਣਾ ਗੁਰਜੀਤ ਸਿੰਘ, ਸ੍ਰੀ ਵਿਜੇ ਇੰਦਰ ਸਿੰਗਲਾ, ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ: ਕਮਲਜੀਤ ਸਿੰਘ ਬਰਾੜ ਨੇ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲਿਆ ਸੀ ਅਤੇ ਸਮਝਿਆ ਜਾ ਰਿਹਾ ਸੀ ਕਿ ਰੈਲੀ ਲਈ ਪ੍ਰਬੰਧ ਕਰ ਲਏ ਜਾਣਗੇ ਪਰ ਚੋਣ ਕਮਿਸ਼ਨ ਵੱਲੋਂ 15 ਜਨਵਰੀ ਤਕ ਪਾਬੰਦੀ ਦੇ ਐਲਾਨ ਨਾਲ 15 ਜਨਵਰੀ ਦੀ ਰੈਲੀ ਨਹੀਂ ਹੋ ਸਕੇਗੀ।
ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ 15 ਜਨਵਰੀ ਤੋਂ ਕੁਝ ਹੀ ਦਿਨਾਂ ਬਾਅਦ ਸ੍ਰੀ ਰਾਹੁਲ ਗਾਂਧੀ ਦੀ ਰੈਲੀ ਮੁੜ ਰੱਖੀ ਜਾਵੇਗੀ ਪਰ ਇਹ ਵੀ ਚੋਣ ਕਮਿਸ਼ਨ ਵੱਲੋਂ ਸਮੀਖ਼ਿਆ ਕੀਤੇ ਜਾਣ ਬਾਅਦ ਲਏ ਜਾਣ ਵਾਲੇ ਫ਼ੈਸਲੇ ’ਤੇ ਹੀ ਨਿਰਭਰ ਹੋਵੇਗਾ ਕਿਉਂਕਿ ਚੋਣ ਕਮਿਸਨ ਦੀ ਇਜਾਜ਼ਤ ਨਾਲ ਹੀ ਵੱਡੀਆਂ ਜਨਤਕ ਰੈਲੀਆਂ ਸੰਭਵ ਹੋ ਸਕਣਗੀਆਂ।
ਚੋਣ ਕਮਿਸ਼ਨ ਦਾ ਫ਼ੈਸਲਾ ਵੀ ਰਾਜ ਅੰਦਰ ਕੋਵਿਡ ਦੀ ਸਥਿਤੀ ’ਤੇ ਨਿਰਭਰ ਕਰੇਗਾ ਕਿਉਂਕ ਪਹਿਲਾ ਐਲਾਨ ਵੀ ਕੋਵਿਡ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਹੀ ਲਿਆ ਗਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ