ਰਾਹੁਲ ਗਾਂਧੀ ਦੀ 3 ਜਨਵਰੀ ਦੀ ਪੰਜਾਬੀ ਫ਼ੇਰੀ ਮੁਲਤਵੀ – ਕੀ ਮੋਦੀ ਦੀ ਪੰਜਾਬ ਫ਼ੇਰੀ ਹੈ ਪ੍ਰੋਗਰਾਮ ਅੱਗੇ ਪਾਉਣ ਦਾ ਕਾਰਨ?

ਯੈੱਸ ਪੰਜਾਬ
ਨਵੀਂ ਦਿੱਲੀ, 29 ਦਸੰਬਰ, 2021:
ਕੁਲਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ 3 ਜਨਵਰੀ ਦੀ ਪੰਜਾਬ ਫ਼ੇਰੀ ਮੁਲਤਵੀ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਨੇ 3 ਜਨਵਰੀ ਨੂੰ ਮੋਗਾ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਸੀ ਪਰ ਹੁਣ ਇਹ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਹੈ।

ਸਮਝਿਆ ਜਾਂਦਾ ਹੈ ਕਿ ਸ੍ਰੀ ਰਾਹੁਲ ਗਾਂਧੀ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਪੰਜਾਬ ਫ਼ੇਰੀ ਦੇ ਮੱਦੇਨਜ਼ਰ ਅੱਗੇ ਪਾਇਆ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਵਿੱਚ ਕੀਤੇ ਜਾਣ ਵਾਲੀ ਰੈਲੀ ਵਿੱਚ ਉਹਨਾਂ ਵੱਲੋਂ ਕਈ ਵੱਡੇ ਅਤੇ ਅਹਿਮ ਐਲਾਨ ਕੀਤੇ ਜਾ ਸਕਦੇ ਹਨ।

ਸੂਤਰਾਂ ਅਨੁਸਾਰ ਸ੍ਰੀ ਰਾਹੁਲ ਗਾਂਧੀ ਦੀ ਦੋ ਦਿਨ ਪਹਿਲਾਂ ਦੀ ਪੰਜਾਬ ਵਿਚਲੀ ਰੈਲੀ ਵਿੱਚ ਵਿਰੋਧੀ ਧਿਰ ਵਿੱਚ ਹੋਣ ਕਾਰਨ ਉਹ ਕੋਈ ਅਹਿਮ ਐਲਾਨ ਨਹੀਂ ਕਰ ਸਕਣਗੇ ਇਸ ਲਈ ਉਨ੍ਹਾਂ ਦੀ ਇਹ ਫ਼ੇਰੀ ਫਿੱਕੀ ਨਾ ਰਹਿ ਜਾਵੇ, ਇਸ ਲਈ ਇਸਨੂੰ ਅੱਗੇ ਪਾਇਆ ਗਿਆ ਹੈ।

ਉਂਜ ਵੀ ਸ੍ਰੀ ਰਾਹੁਲ ਗਾਂਧੀ ਜੇ ਸ੍ਰੀ ਮੋਦੀ ਦੀ ਰੈਲੀ ਤੋਂ ਬਾਅਦ ਆਉਂਦੇ ਹਨ ਤਾਂ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਦੇ ਐਲਾਨਾਂ ਦੇ ਸੰਦਰਭ ਵਿੱਚ ਕਹਿਣ ਨੂੰ ਕੁਝ ਮਿਲ ਸਕਦਾ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਪਹਿਲਾਂ ਇਹ ਵੇਖ਼ਣਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਆਪਣੀ ਫ਼ੇਰੀ ਦੌਰਾਨ ਨਵੇਂ ਬਣੇ, ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖ਼ਦੇਵ ਸਿੰਘ ਢੀਂਡਸਾ ਵਾਲੇ ਗਠਜੋੜ ਨੂੰ ਹੁਲਾਰਾ ਦੇਣ ਲਈ ਕਿਸ ਤਰ੍ਹਾਂ ਦੇ ਐਲਾਨ ਕਰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ