ਰਾਮ ਜੇਠਮਲਾਨੀ ਨੇ ਸਿੱਖਾਂ ਦੀ ਮੁਸ਼ਕਿਲ ਸਮੇਂ ਵਿੱਚ ਮਦਦ ਕੀਤੀ ਸੀ: ਜੀ ਕੇ

ਨਵੀਂ ਦਿੱਲੀ, 8 ਸਤੰਬਰ 2019:

ਸੀਨੀਅਰ ਵਕੀਲ ਰਾਮ ਜੇਠਮਲਾਨੀ ਦੇ ਵੱਲੋਂ ਸਿੱਖਾਂ ਲਈ ਕੀਤੇ ਗਏ ਕੰਮਾਂ ਨੂੰ ਕਦੇ ਵੀ ਸਿੱਖ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇਠਮਲਾਨੀ ਨੇ 1984 ਵਿੱਚ ਉਸ ਸਮੇਂ ਸਿੱਖਾਂ ਦੀ ਬਾਂਹ ਫੜੀ ਸੀ, ਜਦੋਂ ਸਿੱਖਾਂ ਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ ਸੀ। ਖ਼ਾਸਕਰ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਜਾਂ ਅੱਤਵਾਦੀ ਕਹਿ ਕੇ ਪ੍ਰਚਾਰਨ ਦੀ ਜਦੋਂ ਹੋੜ ਲੱਗੀ ਹੋਈ ਸੀ।

ਤਦ ਇੰਦਰਾ ਗਾਂਧੀ ਦੇ ਕਤਲ ਦੇ ਆਰੋਪੀ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਅਦਾਲਤ ਵਿੱਚ ਜੇਠਮਲਾਨੀ ਨੇ ਪੈਰਵਾਈ ਕਰ ਕੇ ਸਿੱਖਾਂ ਨੂੰ ਨਵਾਂ ਆਤਮ ਬਲ ਪ੍ਰਦਾਨ ਕੀਤਾ ਸੀ। ਉਕਤ ਵਿਚਾਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਜੇਠਮਲਾਨੀ ਦੀ ਮੌਤ ਦੇ ਬਾਅਦ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਬਿਆਨ ਕੀਤਾ।

ਜੀਕੇ ਨੇ ਕਿਹਾ ਕਿ ਜੇਠਮਲਾਨੀ ਪੱਛਮੀ ਪੰਜਾਬ ਤੋਂ ਸੰਬੰਧ ਰੱਖਦੇ ਸਨ, ਇਸ ਲਈ ਉਨ੍ਹਾਂ ਦੇ ਮਨ ਵਿੱਚ ਸਿੱਖਾਂ ਦੇ ਪ੍ਰਤੀ ਡੂੰਘੀ ਸਨਮਾਨ ਦੀ ਭਾਵਨਾ ਸੀ। 1984 ਦੇ ਬਾਅਦ ਜੇਲਾਂ ਵਿੱਚ ਬੰਦ ਸਿੱਖਾਂ ਦੇ ਕੇਸ ਲੜ ਕੇ ਜੇਠਮਲਾਨੀ ਨੇ ਸਾਬਿਤ ਕੀਤਾ ਸੀ ਕਿ ਉਨ੍ਹਾਂ ਦੇ ਲਈ ਵਕਾਲਤ ਦਾ ਪੇਸ਼ਾ, ਨਕਾਰੇ ਜਾਣ ਦੀ ਹਾਲਾਤ ਵਿੱਚ ਖੜੇ ਉਦਾਸੀਨ ਇਨਸਾਨ ਨੂੰ ਨਿਆਂ ਦਿਵਾਉਣ ਦਾ ਪ੍ਰਤੀਕ ਸੀ।

13 ਸਾਲ ਦੀ ਉਮਰ ਵਿੱਚ ਮੈਟ੍ਰਿਕ ਪਾਸ ਕਰਨ ਵਾਲੇ ਜੇਠਮਲਾਨੀ ਨੇ 17 ਸਾਲ ਦੀ ਉਮਰ ਵਿੱਚ ਵਕਾਲਤ ਦੀ ਡਿਗਰੀ ਲੈ ਲਈ ਸੀ। ਕਰਾਚੀ ਦੇ ਏਸਸੀ ਸਾਹਨੀ ਲਾ ਕਾਲਜ ਤੋਂ ਕਾਨੂੰਨ ਵਿੱਚ ਮਾਸਟਰ ਡਿਗਰੀ ਲੈਣ ਦੇ ਬਾਅਦ ਜੇਠਮਲਾਨੀ 1947 ਵਿੱਚ ਦੇਸ਼ ਵੰਡ ਦੇ ਬਾਅਦ ਭਾਰਤ ਆ ਗਏ ਸਨ। ਨਾਲ ਹੀ ਜੇਠਮਲਾਨੀ ਨੇ ਭਾਈ ਦੇਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਵੀ ਪੈਰਵੀ ਕੀਤੀ ਸੀ।

ਜੀਕੇ ਨੇ ਜਾਣਕਾਰੀ ਦਿੱਤੀ ਕਿ ਕਮੇਟੀ ਪ੍ਰਧਾਨ ਰਹਿੰਦੇ ਉਨ੍ਹਾਂ ਦੇ ਵੱਲੋਂ ਸਿੱਖਾਂ ਦੇ ਖ਼ਿਲਾਫ਼ ਬਣਾਏ ਜਾਂਦੇ ਚੁਟਕਲਿਆਂ ਉੱਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਵਿੱਚ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਤੋਂ ਪਹਿਲਾਂ ਵੀ ਜੇਠਮਲਾਨੀ ਤੋਂ ਕਾਨੂੰਨੀ ਨੁਕਤਿਆਂ ਉੱਤੇ ਸਲਾਹ ਲਈ ਗਈ ਸੀ।

Share News / Article

YP Headlines