ਲੰਡਨ/ਚੰਡੀਗੜ੍ਹ, 27 ਜੂਨ, 2019:
ਪੰਜਾਬ ਦੇ ਖੇਡ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲੰਡਨ ਸਥਿਤ ਹਾਊਸ ਆਫ ਲਾਰਡਜ਼ ਵਿਖੇ ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਅਤੇ ਉਘੇ ਖੇਡ ਪ੍ਰਸ਼ਾਸਕ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਵਿੱਚ ਪਟਿਆਲਾ ਵਿਖੇ ਤਜਵੀਜ਼ ਸ਼ੁਦਾ ਖੇਡ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਨ ਸਬੰਧੀ ਵੱਖੋ-ਵੱਖਰੇ ਤਕਨੀਕੀ ਨੁਕਤਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਲਾਰਡ ਕੋਅ ਵੱਲੋਂ ਪੰਜਾਬ ਦੇ ਖੇਡ ਮੰਤਰੀ ਨੂੰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ।
ਲਾਰਡ ਸਿਬੈਸਟੀਅਨ ਕੋਅ ਜੋ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਦੀ ਮੋਹਰੀ ਸੰਸਥਾ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨਾਲ ਇਸ ਮੁਲਾਕਾਤ ਵਿੱਚ ਰਾਣਾ ਸੋਢੀ ਨੇ ਪਟਿਆਲਾ ਵਿਖੇ ਬਣ ਰਹੀ ਖੇਡ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਬੁਨਿਆਦੀ ਖੇਡ ਢਾਂਚੇ ਅਤੇ ਸਪੋਰਟਸ ਸਾਇੰਸ ਨਾਲ ਸਬੰਧਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ।
ਵਿਚਾਰੇ ਗਏ ਨੁਕਤਿਆਂ ਵਿੱਚ ਇਸ ਖੇਡ ਯੂਨੀਵਰਸਿਟੀ ਲਈ ਸਪੋਰਟਸ ਸਾਇੰਸ ਦੀ ਮੁਹਾਰਤ ਰੱਖਣ ਵਾਲੇ ਕੋਚਾਂ ਦੀ ਨਿਯੁਕਤੀ, ਖਿਡਾਰੀਆਂ ਨੂੰ ਆਪਣੇ ਖੇਡ ਜੀਵਨ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਾਅ ਅਤੇ ਰਿਕਵਰੀ, ਖਿਡਾਰੀਆਂ ਵਿੱਚ ਫਿਟਨੈਸ ਦਾ ਪੱਧਰ ਬਰਕਰਾਰ ਰੱਖਣ ਲਈ ਕੋਚਿੰਗ ਤਕਨੀਕਾਂ ਅਤੇ ਵਿਸ਼ਵ ਪੱਧਰੀ ਅਹਿਮ ਮੁਕਾਬਲਿਆਂ ਲਈ ਖਿਡਾਰੀਆਂ ਤੇ ਕੋਚਾਂ ਨੂੰ ਮਨੋਵਿਗਿਆਨਕ ਤੌਰ ‘ਤੇ ਤਿਆਰ ਕਰਨਾ ਆਦਿ ਸ਼ਾਮਲ ਸਨ।
ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਨੂੰ ਖੇਡ ਖੇਤਰ ਅਤੇ ਖੇਡ ਵਿਗਿਆਨ ਵਿੱਚ ਮੋਹਰੀ ਸੂਬਾ ਬਣਾਉਣ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨੂੰ ਸਫਲ ਬਣਾਉਣ ਲਈ ਉਹ ਇਸ ਦੇ ਪ੍ਰਬੰਧਨ ਅਤੇ ਸਪੋਰਟਸ ਸਾਇੰਸ ਦੇ ਮਾਹਿਰਾਂ ਨਾਲ ਮੁਲਾਕਾਤ ਕਰ ਰਹੇ ਹਨ।
ਇਸੇ ਤਹਿਤ ਲਾਰਡ ਸਿਬੈਸਟੀਅਨ ਕੋਅ ਨਾਲ ਕੀਤੀ ਮੁਲਾਕਾਤ ਬੇਹੱਦ ਫਾਇਦੇਮੰਦ ਰਹੀ। ਇਸ ਮੀਟਿੰਗ ਦੌਰਾਨ ਹਾਸਲ ਹੋਇਆ ਤਜ਼ਰਬਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਅਹਿਮ ਰੋਲ ਨਿਭਾਏਗਾ।
ਲਾਰਡ ਕੋਅ ਨੇ 1980 ਦੀਆਂ ਮਾਸਕੋ ਅਤੇ 1984 ਦੀਆਂ ਲਾਂਸ ਏਂਜਲਸ ਓਲੰਪਿਕ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਕੁੱਲ ਦੋ ਸੋਨ ਤਮਗਾ ਅਤੇ 800 ਮੀਟਰ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਸਨ।
8 ਵਾਰ ਆਊਟਡੋਰ ਤੇ ਤਿੰਨ ਵਾਰ ਇੰਡੋਰ ਖੇਡਾਂ ਵਿੱਚ ਵਿਸ਼ਵ ਰਿਕਾਰਡ ਹੋਲਡਰ ਲਾਰਡ ਕੋਅ ਦੇ ਯਤਨਾਂ ਸਦਕਾ ਲੰਡਨ ਨੂੰ 2012 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ ਅਤੇ ਫੇਰ ਉਹ ਓਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਬਣੇ ਸਨ। ਲਾਰਡ ਕੋਅ ਇਸ ਵੇਲੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ (ਆਈ.ਏ.ਏ.ਐਫ.) ਦੇ ਪ੍ਰਧਾਨ ਅਤੇ ਬ੍ਰਿਟਿਸ਼ ਓਲੰਪਿਕ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ।