ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਰੋੜਾਂਵਾਲੀ ਅਤੇ ਮਹਿਮਾ ਵਿਖੇ ਲਿਫ਼ਟ ਪੰਪ ਦਾ ਕੀਤਾ ਉਦਘਾਟਨ

ਫ਼ਿਰੋਜ਼ਪੁਰ 17 ਜੁਲਾਈ, 2019:
ਬਰਸਾਤੀ ਪਾਣੀ ਕਾਰਨ ਆਉਣ ਵਾਲੀ ਸਮੱਸਿਆ ਦੇ ਹੱਲ ਲਈ ਪਿੰਡ ਰੋੜਾਂਵਾਲੀ ਅਤੇ ਮਹਿਮਾ ਵਿਖੇ ਕੈਬਨਿਟ ਮੰਤਰੀ (ਖੇਡਾਂ ਅਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲਿਫ਼ਟ ਪੰਪ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਕਾਫ਼ੀ ਲੰਮੇ ਸਮੇਂ ਤੋਂ ਮੰਗ ਸੀ ਕਿ ਜ਼ਿਆਦਾ ਮੀਂਹ ਪੈਣ ਕਰਕੇ ਪਿੰਡਾਂ ਅਤੇ ਖੇਤਾਂ ਵਿੱਚ ਪਾਣੀ ਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ, ਉਨ੍ਹਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਜਲ ਸਰੋਤ ਵਿਭਾਗ ਵੱਲੋਂ ਲਗਭਗ 20 ਲੱਖ ਦੀ ਲਾਗਤ ਨਾਲ ਦੋਨੋਂ ਇਹ ਲਿਫ਼ਟ ਪੰਪ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਬਰਸਾਤਾਂ ਦੌਰਾਨ ਪਾਣੀ ਆਉਂਦਾ ਸੀ ਤਾਂ ਪਾਣੀ ਦੀ ਨਿਕਾਸੀ ਲਈ ਆਰਜ਼ੀ ਤੌਰ ‘ਤੇ ਪੰਪ ਲਗਾਇਆ ਜਾਂਦਾ ਸੀ ਪਰ ਹੁਣ ਪੱਕੇ ਤੌਰ ‘ਤੇ ਲਿਫ਼ਟ ਪੰਪ ਲਗਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ।

ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਪੰਪ ਰਾਹੀਂ ਪਾਣੀ ਦੀ ਨਿਕਾਸੀ ਕਰਕੇ ਨਾਲ ਲੱਗਦੀ ਨਹਿਰ ਵਿੱਚ ਸੁੱਟਿਆ ਜਾਵੇਗਾ, ਜਿਸ ਨਾਲ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪੜ੍ਹਾਅਵਾਰ ਕੰਮ ਕਰਕੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਇਸ ਦੌਰਾਨ ਉਨ੍ਹਾਂ ਨੇ ਲਿਫਟ ਪੰਪ ਚਲਵਾ ਕੇ ਦੇਖਿਆ ਅਤੇ ਮੌਕੇ ‘ਤੇ ਸਾਈਟ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਮਹਿਮੇ ਵਾਲਾ ਪੁਲ ਵੀ ਤਿਆਰ ਕੀਤਾ ਜਾਵੇਗਾ ਜਿਸ ਲਈ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੰਤਰੀ ਸਾਹਿਬ ਅਤੇ ਜਲ ਸਰੋਤ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਇਸ ਮੌਕੇ ਐੱਸ.ਈ. ਸ੍ਰੀ ਜਸਵਿੰਦਰ ਸਿੰਘ ਭੰਡਾਰੀ, ਐਕਸੀਅਨ ਹਰੀਕੇ ਕਨਾਲ ਡਵੀਜ਼ਨ ਸ੍ਰੀ ਰਾਜੀਵ ਗੋਇਲ, ਐਕਸੀਅਨ ਡ੍ਰੇਨਿਜ਼ ਵਿਭਾਗ ਸ੍ਰੀ ਪਵਨ ਕੁਮਾਰ, ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਸ੍ਰੀ ਪਰਮਜੀਤ ਸਿੰਘ, ਐਕਸੀਅਨ ਗੋਲੇ ਵਾਲਾ ਸ੍ਰੀ ਸੰਦੀਪ ਗੋਇਲ, ਐੱਸ.ਡੀ.ਓ. ਸ੍ਰੀ ਸੁਨੀਲ ਕੁਮਾਰ, ਜੇ.ਈ. ਸ੍ਰੀ, ਬਲਾਕ ਪ੍ਰਧਾਨ ਸ੍ਰੀ ਰਵੀ ਚਾਵਲਾ, ਸਰਪੰਚ ਰੋੜਾਂਵਾਲੀ ਸ੍ਰੀ ਜੱਜ ਸਿੰਘ, ਸਾਬਕਾ ਸਰਪੰਚ ਰੋੜਾਂਵਾਲੀ ਸ੍ਰੀ ਸਵਿੰਦਰ ਸਿੰਘ, ਸਰਪੰਚ ਸ੍ਰੀ ਅਮਰਜੀਤ ਸਿੰਘ ਵਿਕਰਮਜੀਤ ਸਿੰਘ, ਸ੍ਰੀ ਦਵਿੰਦਰ ਜੰਗ, ਸ੍ਰੀ ਵਿੱਕੀ ਸਿੱਧੂ, ਸ੍ਰੀ ਗੁਰਸੇਵਕ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Share News / Article

Yes Punjab - TOP STORIES