ਰਾਣਾ ਗੁਰਜੀਤ ਨੇ ਕਪੂਰਥਲਾ ਮੈਡੀਕਲ ਕਾਲਜ ਲਈ ਕੈਪਟਨ ਅਮਰਿੰਦਰ ਦਾ ਧੰਨਵਾਦ ਕੀਤਾ

ਜਲੰਧਰ, 28 ਨਵੰਬਰ, 2019 –

ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਤੋਂ ਕਪੂਰਥਲਾ ਲਈ ਮੈਡੀਕਲ ਕਾਲਜ ਮਨਜੂਰ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਦੁਆਬਾ ਖੇਤਰ ਵਿੱਚ ਇੱਕ ਸਰਕਾਰੀ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ।

ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਰਾਣਾ ਨੇ ਕਿਹਾ ਕਿ ਉਹ ਅਤੇ ਦੁਆਬੇ ਦੇ ਲੋਕ ਖ਼ਾਸ ਕਰਕੇ ਕਪੂਰਥਲਾ ਦੇ ਲੋਕ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ ਕਿ ਇੱਥੇ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਹ ਕਾਲਜ ਇਸ ਖੇਤਰ ਦੇ ਲੋਕਾਂ ਲਈ ਬਹੁਤ ਸਹਾਈ ਹੋਵੇਗਾ ਕਿਉਂਕਿ ਇੱਥੇ ਪਹਿਲਾਂ ਕੋਈ ਸਰਕਾਰੀ ਮੈਡੀਕਲ ਨਹੀਂ ਸੀ।

ਸਾਬਕਾ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਕਪੂਰਥਲਾ ਵਿੱਚ ਏਮਜ਼ ਨੂੰ ਸਥਾਪਤ ਕਰਨ ਦਾ ਫੈਸਲਾ ਲਿਆ ਸੀ ਜਿਸ ਨੂੰ ਅਕਾਲੀ ਸਰਕਾਰ ਨੇ ਜਾਣਬੁੱਝ ਕੇ ਇੱਥੋਂ ਰੱਦ ਕਰਵਾ ਕੇ ਸ੍ਰੀਮਤੀ ਹਰਸਿਮਰਤ ਕੌਰ ਦੇ ਸੰਸਦੀ ਖੇਤਰ ਬਠਿੰਡਾ ਤਬਦੀਲ ਕਰਵਾ ਲਿਆ ਸੀ।

ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹਮੇਸ਼ਾਂ ਦੁਆਬਾ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਇਹ ਸਿਰਫ ਕਾਂਗਰਸ ਪਾਰਟੀ ਹੈ ਜਿਸ ਨੇ ਇਸ ਖੇਤਰ ਦੀ ਦੇਖਭਾਲ ਕੀਤੀ ਹੈ।

ਰਾਣਾ ਨੇ ਕਿਹਾ ਕਿ ਦੋਆਬਾ ਖੇਤਰ ਨੂੰ ਅਕਾਲੀ-ਭਾਜਪਾ ਸ਼ਾਸਨ ਵਲੋਂ 10 ਸਾਲਾਂ ਦੇ ਕਾਰਜਕਾਲ ਦੌਰਾਨ ਬੁਰੀ ਤਰਾਂ ਅਣਦੇਖਿਆ ਕੀਤਾ ਗਿਆ ਸੀ ਅਤੇ ਇਸ ਖੇਤਰ ਵਿੱਚ ਕੋਈ ਵਿਕਾਸ ਨਹੀਂ ਹੋਇਆ ਸੀ। ਜਦੋਂਕਿ ਕਾਂਗਰਸ ਪਾਰਟੀ ਸੂਬੇ ਦੇ ਸਾਰੇ ਖਿੱਤਿਆਂ ਦੇ ਸਰਵਪੱਖੀ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹੈ। ਇਸੇ ਲਈ ਕਪੂਰਥਲਾ ਲਈ ਇੱਕ ਮੈਡੀਕਲ ਕਾਲਜ ਭਾਰਤ ਸਰਕਾਰ ਤੋਂ ਮਨਜ਼ੂਰ ਕਰਵਾਇਆ ਗਿਆ।

ਕਾਂਗਰਸੀ ਵਿਧਾਇਕ ਨੇ ਖੁਲਾਸਾ ਕੀਤਾ ਕਿ ਮੈਡੀਕਲ ਕਾਲਜ ਬਣਾਉਣ ਤੇ 325 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਰਕਮ ਵਿਚੋਂ 195 ਕਰੋੜ ਰੁਪਏ ਭਾਰਤ ਸਰਕਾਰ ਮੁਹੱਈਆ ਕਰਵਾਏਗੀ ਜਦੋਂਕਿ ਬਾਕੀ 130 ਕਰੋੜ ਰੁਪਏ ਦੀ ਰਾਸ਼ੀ 60:40 ਦੇ ਅਨੁਪਾਤ ਤਹਿਤ ਪੰਜਾਬ ਸਰਕਾਰ ਮੁਹੱਈਆ ਕਰਵਾਏਗੀ। ਰਾਣਾ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਤੋਂ ਇਲਾਵਾ ਕਪੂਰਥਲਾ ਵਿਖੇ ਮੌਜੂਦਾ ਸਿਵਲ ਹਸਪਤਾਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।

Share News / Article

YP Headlines

Loading...