ਚੰਡੀਗੜ੍ਹ, 23 ਜੂਨ, 2019:
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਮਹਾਰਾਣਾ ਪ੍ਰਤਾਪ ਹੋਸਟਲ, ਸੈਕਟਰ-25 ਵਿੱਚ ਕਰਵਾਏ ਇੱਕ ਸਮਾਰੋਹ ਦੌਰਾਨ ਕੌਮੀ ਰਾਜਪੂਤ ਵਿਦਿਆਰਥੀ ਸਹਾਇਤਾ ਸੁਸਾਇਟੀ ਦਾ ਮੁੱਖ ਸਰਪ੍ਰਸਤ ਨਿਯੁਕਤ ਕੀਤਾ ਗਿਆ।
ਵਿਧਾਨ ਸਭਾ ਸਪੀਕਰ, ਕੌਮੀ ਰਾਜਪੂਤ ਵਿਦਿਆਰਥੀ ਸਹਾਇਤਾ ਸੁਸਾਇਟੀ ਵੱਲੋਂ ਮਹਾਰਾਣਾ ਪ੍ਰਤਾਪ ਦੇ ਜੀਵਨ ਤੇ ਵਿਰਾਸਤ ਸਬੰਧੀ ਕਰਵਾਏ ਇੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।
ਮੇਵਾੜ ਦੇ ਰਾਜਾ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਸਪੀਕਰ ਨੇ ਕਿਹਾ ਕਿ ਮੇਵਾੜ ਕੇਸਰੀ ਮਹਾਰਾਣਾ ਪ੍ਰਤਾਪ ਕਦੇ ਕਿਸੇ ਧਰਮ ਜਾਂ ਜਾਤ ਵਿਰੁੱਧ ਨਹੀਂ ਲੜਿਆ ਸਗੋਂ ਉਸਨੇ ਮਾਤ-ਭੂਮੀ ਦੀ ਰੱਖਿਆ ਲਈ ਆਪਣਾ ਲਹੂ ਡੋਲਿ੍ਹਆ। ਉਸਨੇ ਆਜ਼ਾਦੀ ਦੇ ਸਿਧਾਂਤਾਂ ਅਤੇ ਸਵੈਮਾਨ ਨੂੰ ਦਾਅ ‘ਤੇ ਰੱਖ ਕੋਈ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਮੁਗ਼ਲ ਫੌਜ ਅੱਗੇ ਕਦੇ ਗੋਡੇ ਟੇਕੇ।
ਉਨ੍ਹਾਂ ਕਿਹਾ ਕਿ ਪੈਸੇ ਦੀ ਤੰਗੀ ਅਤੇ ਸਿਪਾਹੀਆਂ ਦੀ ਘਾਟ ਦੇ ਬਾਵਜੂਦ ਵੀ ਮਹਾਰਾਣਾ ਪ੍ਰਤਾਪ ਮੁਗ਼ਲਾਂ ਵਿਰੁੱਧ ਡੱਟਿਆ ਰਿਹਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਤੇ ਅਕਬਰ ਦੀਆਂ ਫੌਜਾਂ ਵਿਚਕਾਰ ਲੜੀ ਗਈ ‘ਹਲਦੀਘਾਟੀ’ ਦੀ ਇਤਿਹਾਸਕ ਜੰਗ ਵਿੱਚ ਭਾਵੇਂ ਮਹਾਰਾਣਾ ਪ੍ਰਤਾਪ ਜਿੱਤ ਹਾਸਲ ਨਹੀਂ ਕਰ ਸਕਿਆ ਸੀ ਪਰ ਉਸਨੇ ਆਪਣੇ ਬੁਲੰਦ ਹੌਸਲੇ ਤੇ ਯੁੱਧ ਕਲਾ ਨਾਲ ਹਰੇਕ ਨੂੰ ਹੈਰਾਨ ਕਰ ਦਿੱਤਾ ਸੀ।
ਮਹਾਰਾਣਾ ਪ੍ਰਤਾਪ ਨੂੰ ਯਾਦ ਕਰਦਿਆਂ ਰਾਣਾ ਕੇਪੀ ਨੇ ਰਾਜਪੂਤ ਭਾਈਚਾਰੇ ਨੂੰ ਮਹਾਰਾਣਾ ਪ੍ਰਤਾਪ ਦੇ ਨਕਸ਼-ਏ-ਕਦਮ ‘ਤੇ ਚੱਲਣ ਅਤੇ ਦੇਸ਼ ਦੀ ਸ਼ਾਨ ਵਾਸਤੇ ਲੜਨ ਲਈ ਹਮੇਸ਼ਾਂ ਤਿਆਰ ਰਹਿਣ ਦੀ ਅਪੀਲ ਵੀ ਕੀਤੀ।
ਸਮਾਰੋਹ ਦੌਰਾਨ ਰਾਣਾ ਕੇਪੀ ਸਿੰਘ ਨੇ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦੀ ਘੋਸ਼ਣਾ ਕੀਤੀ ਅਤੇ ਸੁਸਾਇਟੀ ਦੀ ਸਾਲਾਨਾ ਰਿਪੋਰਟ ਬੁੱਕ 2017-18 ਵੀ ਰਿਲੀਜ਼ ਕੀਤੀ। ਸੁਸਾਇਟੀ ਦੇ ਮੈਂਬਰਾਂ ਨੇ ਸਪੀਕਰ ਨੂੰ ਇੱਕ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹੋਰ ਪਤਵੰਤਿਆਂ ਤੋ ਇਲਾਵਾ ਸ੍ਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਹਰਿਆਣਾ, ਹਰਿਆਣਾ ਦੇ ਸਾਬਕਾ ਵਿਧਾਇਕ ਸ੍ਰੀ ਸਤਵਿੰਦਰ ਸਿੰਘ ਰਾਣਾ , ਸ਼ਾਰਦਾ ਰਾਠੌੜ ਅਤੇ ਕਰਨੀ ਸੈਨਾ ਦੇ ਮੁੱਖੀ ਸ੍ਰੀ ਸੂਰਜ ਪਾਲ ਅਮੂ ਵੀ ਸ਼ਾਮਲ ਸਨ।