ਰਾਜਸਥਾਨ ਵਿਚ ਭਾਜਪਾ ਕਰ ਰਹੀ ਹੈ ਲੋਕਤੰਤਰ ਦਾ ਘਾਣ: ਸੁਨੀਲ ਜਾਖੜ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ, 26 ਜੁਲਾਈ, 2020:
ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੱਤਾ ਦੇ ਲਾਲਚ ਵਿਚ ਆਪਣੀਆਂ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਨੂੰ ਧਨ ਬਲ ਨਾਲ ਅਸਥਿਰ ਕਰਕੇ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਇਹ ਗੱਲ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਕ ਬਿਆਨ ਵਿਚ ਆਖੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰਾਂ ਪਹਿਲਾਂ ਗੋਆ ਅਤੇ ਮੱਧ ਪ੍ਰਦੇਸ਼ ਵਿਚ ਅਤੇ ਹੁਣ ਰਾਜਸਥਾਨ ਵਿਚ ਭਾਜਪਾ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਇਸ ਸਾਡੇ ਦੇਸ਼ ਦੇ ਸੰਘੀ ਢਾਂਚੇ ਲਈ ਖਤਰਾ ਹੈ ਅਤੇ ਕਾਂਗਰਸ ਪਾਰਟੀ ਭਾਜਪਾ ਦੀ ਇਸ ਧੱਕੇਸ਼ਾਹ ਖਿਲਾਫ ਚੁੱਪ ਨਹੀਂ ਬੈਠੇਗੀ।

ਉਨਾਂ ਨੇ ਕਿਹਾ ਕਿ ਸਾਡੇ ਮਹਾਨ ਅਜਾਦੀ ਘੁਲਾਟੀਆਂ ਨੇ ਲੰਬੇ ਸੰਘਰਸ਼ ਬਾਅਦ ਸਾਨੂੰ ਲੋਕਤੰਤਰ ਲੈ ਕੇ ਦਿੱਤਾ ਸੀ ਅਤੇ ਵੱਡੀਆਂ ਕੁਰਬਾਨੀਆਂ ਨਾਲ ਪ੍ਰਾਪਤ ਲੋਕਤੰਤਰ ਨਾਲ ਭਾਜਪਾ ਖਿਲਵਾੜ ਕਰ ਰਹੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਨੂੰ ਨਾ ਤਾਂ ਸੰਵਿਧਾਨ ਦੀ ਪਰਵਾਹ ਹੈ ਅਤੇ ਨਾ ਹੀ ਇਸ ਦੇਸ਼ ਦੀਆਂ ਉਚ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਇਸ ਪਾਰਟੀ ਨੂੰ ਕੋਈ ਫਿਕਰ ਹੈ। ਉਨਾਂ ਨੇ ਕਿਹਾ ਕਿ ਭਾਜਪਾ ਸੱਤਾ ਦੇ ਲਾਲਚ ਵਿਚ ਅੰਨੀ ਪਾਰਟੀ ਬਣ ਚੁੱਕੀ ਹੈ ਜੋ ਕਿ ਕਿਸੇ ਵੀ ਤਰੀਕੇ ਨਾਲ ਸੱਤਾ ਹਥਿਆਉਣਾ ਚਾਹੁੰਦੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਰਾਜਸਥਾਨ ਦੀ ਸੂਬਾ ਸਰਕਾਰ ਕੋਵਿਡ ਦੇ ਸੰਕਟ ਦੇ ਸਮੇਂ ਵਿਚ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਕੇਂਦਰ ਸਰਕਾਰ ਅਤੇ ਭਾਜਪਾ ਦੇ ਲੀਡਰ ਵਿਧਾਇਕਾਂ ਦੀ ਖਰੀਦੋ ਫਰੋਖਤ, ਡਰਾਉਣ ਧਮਕਾਉਣ ਦੀ ਨੀਤੀ ਅਤੇ ਰਾਜਪਾਲ ਦੇ ਸੰਵਿਧਾਨਕ ਅਹੁਦੇ ਦਾ ਦੁਰਪਯੋਗ ਕਰਕੇ ਕਿਸੇ ਵੀ ਤਰੀਕੇ ਨਾਲ ਵੋਟਾਂ ਰਾਹੀਂ ਚੁਣੀ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰਾਂ ਸੰਵਿਧਾਨਕ ਮਰਿਆਦਾਵਾਂ ਦਾ ਉਲੰਘਣ ਕਰਕੇ ਰਾਜਪਾਲ ਮੁੱਖ ਮੰਤਰੀ ਦੀ ਮੰਗ ਤੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾ ਰਹੇ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜਪਾਲ ਕੇਂਦਰ ਸਰਕਾਰ ਦੀ ਸਹਿ ਤੇ ਅਜਿਹਾ ਕਰਕੇ ਲੋਕਤੰਤਰ ਦੀ ਅਣਦੇਖੀ ਕਰ ਰਹੇ ਹਨ।

ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕੌਮੀ ਪੱਧਰ ਤੇ ਭਾਜਪਾ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਖਿਲਾਫ ਜਾਗਰੂਕਤਾ ਅਭਿਆਨ ਆਰੰਭ ਰਹੀ ਹੈ। ਉਨਾਂ ਨੇ ਸਮੂਹ ਕਾਂਗਰਸ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਸ਼ੋਸਲ ਮੀਡੀਆ ਤੇ ਭਾਜਪਾ ਦੀ ਇਸ ਲੋਕਤੰਤਰ ਵਿਰੋਧੀ ਸੋਚ ਖਿਲਾਫ ਆਪਣੇ ਵੀਡੀਓ ਸ਼ੇਅਰ ਕਰਨ ਤਾਂ ਜੋ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਲੋਕਾਂ ਨੂੰ ਭਾਜਪਾ ਦੀ ਤਾਨਾਸ਼ਾਹ ਸੋਚ ਖਿਲਾਫ ਲਾਮਬੰਦ ਕੀਤਾ ਜਾ ਸਕੇ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •