ਰਾਜਪਾਲ ਬਦਨੌਰ ਵਲੋਂ 71ਵੇਂ ਆਰਮਡ ਫੋਰਸਿਜ਼ ਝੰਡਾ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 8 ਦਸੰਬਰ, 2019:

ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਮਨਾਏ ਜਾ ਰਹੇ 71ਵੇਂ ਆਰਮਡ ਫੋਰਸਿਜ਼ ਝੰਡਾ ਦਿਵਸ ਮੌਕੇ ਸੈਨਿਕ ਭਲਾਈ ਪੰਜਾਬ ਚੰਡੀਗੜ੍ਹ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ. ਮਨਦੀਪ ਸਿੰਘ ਬਰਾੜ ਨੇ ਸੈਨਿਕ ਭਲਾਈ ਵਿਭਾਗ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਅਧਿਕਾਰੀਆਂ ਸਮੇਤ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਦੀ ਪੁਸ਼ਾਕ ‘ਤੇ ਆਰਮਡ ਫੋਰਸਿਜ਼ ਦਾ ਝੰਡਾ ਲਗਾਇਆ।

ਰਾਜ ਸੈਨਿਕ ਭਲਾਈ ਦੇ ਸਾਲਾਨਾ ਮੈਗਜ਼ੀਨ ਨੂੰ ਜਾਰੀ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਡੀਆਂ ਆਰਮਡ ਫੋਰਸਿਜ਼ ਜੰਗ ਦੌਰਾਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੀ ਸੇਵਾ ਬੜੇ ਹੀ ਨਿਵੇਕਲੇ ਢੰਗ ਨਾਲ ਕਰ ਰਹੀਆਂ ਹਨ। ਇਹ ਦਿਨ ਸਾਨੂੰ ਮਾਤ ਭੂਮੀ ਦੀ ਸ਼ਾਨਦਾਰ ਸੇਵਾ ਕਰਨ ਅਤੇ ਕੁਰਬਾਨੀਆਂ ਦੇਣ ਵਾਲੀਆਂ ਹਥਿਆਰਬੰਦ ਸੈਨਾਵਾਂ ਪ੍ਰਤੀ ਆਪਣੀ ਜਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਅਸੀਂ ਸ਼ਹੀਦਾਂ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਹਿੰਮਤ ਲਈ ਸਲਾਮ ਕਰਦੇ ਹਾਂ।

ਸੈਨਿਕਾਂ ਦੀ ਬੇਮਿਸਾਲ ਬਹਾਦਰੀ ਲਈ ਧੰਨਵਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਆਓ ਆਪਾਂ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਵਾਅਦਾ ਕਰੀਏ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਆਰਮਡ ਫੋਰਸਿਜ਼ ਫਲੈਗ ਡੇਅ ਫੰਡ ਵਿੱਚ ਯੋਗਦਾਨ ਪਾ ਕੇ ਆਪਣੀ ਦੇਸ਼ ਭਗਤੀ ਤੇ ਨੇਕਦਿਲੀ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ।

ਉਨ੍ਹਾਂ ਅਧਿਕਾਰੀਆਂ ਨੂੰ, ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ, ਫੱਟੜ ਹੋਕੇ ਅਪੰਗ ਹੋਏ ਫੌਜੀਆਂ ਦੇ ਮੁੜ ਵਸੇਬੇ ਵਿੱਚ ਸਹਿਯੋਗ ਦੇ ਕੇ ਆਰਮਡ ਫੋਰਸਿਜ਼ ਝੰਡਾ ਦਿਵਸ ਨੂੰ ਹੋਰ ਸਫਲ ਬਣਾਉਣ ਲਈ ਅਪੀਲ ਵੀ ਕੀਤੀ।

ਸੈਨਿਕ ਭਲਾਈ ਪੰਜਾਬ ਦੇ ਡਾਇਰੈਕਟਰ ਬ੍ਰਿਗੇਡ ਸਤਿੰਦਰ ਸਿੰਘ ਅਨੁਸਾਰ ਆਰਮਡ ਫੋਰਸਿਜ਼ ਫਲੈਗ ਡੇਅ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ।

ਹਾਲਾਂਕਿ, ਇਸ ਸਾਲ 7 ਦਸੰਬਰ ਸ਼ਨਿਚਰਵਾਰ ਵਾਲੇ ਦਿਨ ਛੁੱਟੀ ਸੀ, ਇਸ ਲਈ ਮਾਨਯੋਗ ਰੱਖਿਆ ਮੰਤਰੀ ਵਲੋਂ ਇੱਕ ਹਫਤਾ 2-8 ਦਸੰਬਰ, 2019 ਤੱਕ ਆਰਮਡ ਫੋਰਸਿਜ਼ ਫਲੈਗ ਡੇਅ 2019 ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।ਇਸ ਕਰਕੇ ਆਰਮਡ ਫੋਰਸਿਜ਼ ਝੰਡੇ ਦਾ ਰਵਾਇਤੀ ਪਿਨਿੰਗ ਸਮਾਰੋਹ 8 ਦਸੰਬਰ, 2019 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਸੀ।

Share News / Article

YP Headlines