ਰਾਜਪਾਲ ਬਦਨੌਰ ਵਲੋਂ ਨੌਜਵਾਨਾਂ ਨੂੰ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੱਦਾ

ਜਲੰਧਰ, 8 ਦਸੰਬਰ, 2019:

ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਾਂ ਪੱਖੀ ਸੋਚ ਨੂੰ ਅਪਣਾ ਕੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ।

ਅੱਜ ਇਥੇ ਮੇਯਰ ਵਰਲਡ ਸਕੂਲ ਵਿਖੇ ‘ਬੁੱਧ ਇੰਨ ਯੂ‘ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਅੱਜ ਸਮੇਂ ਦੀ ਸਭ ਲੋੜ ਦੇਸ਼ ਅਤੇ ਵਿਸ਼ੇਸ਼ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਤੋਰਨਾ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਮਹਾਰਾਣਾ ਪ੍ਰਤਾਪ, ਮਹਾਰਾਜਾ ਰਣਜੀਤ ਸਿੰਘ, ਛਤਰਪਤੀ ਸ਼ਿਵਾਜੀ ਮਹਾਰਾਜ ਤੇ ਹੋਰ ਮਹਾਨ ਆਗੂਆਂ ਦੇ ਜੀਵਨ ਤੋਂ ਸੇਧ ਲੈਣ ਅਤੇ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਭਾਰਤ ਨੂੰ ਦੂਜੇ ਵਿਕਸਿਤ ਦੇਸ਼ਾਂ ਤੋਂ ਮੋਹਰੀ ਬਣਾਉਣ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ ਅਤੇ ਕਿਸੇ ਵੀ ਦੇਸ਼ ਦੀ ਨੀਂਅ ਉਸਦੇ ਨੌਜਵਾਨਾਂ ਦੀ ਸਿੱਖਿਆ ਤੇ ਆਧਾਰਿਤ ਹੁੰਦੀ ਹੈ। ਉਨਾਂ ਕਿਹਾ ਕਿ ਕੋਈ ਵੀ ਦੇਸ਼ ਤਦ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਸ ਦੇਸ਼ ਦੇ ਨੌਜਵਾਨ ਵਿਦਿਆਰਥੀ ਅਗਾਂਹ ਵਧੂ ਸੋਚ ਅਤੇ ਜਾਗਰੂਕ ਨਾ ਹੋਣ। ਉਨਾਂ ਕਿਹਾ ਕਿ ਗੋਤਮ ਬੁੱਧ ਨੇ ਸਾਨੂੰ ਦਿਆਲਤਾ,ਬੁੱਧੀਮਤਾ ਅਤੇ ਉਦਾਰਤਾ ਬਾਰੇ ਜਾਨੂੰ ਕਰਵਾਇਆ ਹੈ।

ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਨੌਜਵਾਨ ਇਸ ਰਵਾਇਤ ਨੂੰ ਅੱਗੇ ਤੋਰਨ । ਦੇਸ਼ ਵਿੱਚ ਸੂਚਨਾ ਤਕਨੀਕ ਦੀ ਕ੍ਰਾਂਤੀ ਬਾਰੇ ਜ਼ਿਕਰ ਕਰਦਿਆਂ ਰਾਜਪਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਤਕਨੀਕ ਦੇ ਹੋਰ ਪਸਾਰੇ ਵਿੱਚ ਮਸਾਲਚੀ ਦੀ ਭੂਮਿਕਾ ਨਿਭਾਉਣ।

ਉਨਾਂ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਮਾਯੋ ਕਾਲਜ ਜਨਰਲ ਕੌਸਲ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀ ਖੁਸ਼ਕਿਸਮਤ ਹਨ ਕਿਉਂ ਜੋ ਉਹ ਅਜਿਹੀਆਂ ਮਹਾਨ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।

ਇਸ ਮੌਕੇ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ,ਡੀ.ਸੀ.ਪੀ ਸ੍ਰੀ ਗੁਰਮੀਤ ਸਿੰਘ.ਏ.ਡੀ.ਸੀ.ਪੀ ਸ੍ਰੀ ਪੀ ਐਸ ਭੰਡਾਲ,ਐਸ.ਡੀ.ਐਮ ਡਾ.ਜੈ ਇੰਦਰ ਸਿੰਘ,ਏ.ਸੀ.ਪੀ ਧਰਮਪਾਲ ਜੁਨੇਜਾ ਅਤੇ ਹੋਰਨਾਂ ਨੇ ਰਾਜਪਾਲ ਦਾ ਸਵਾਗਤ ਕੀਤਾ।

ਇਸ ਤੋਂ ਪਹਿਲਾਂ ਸਕੂਲ ਦੇ ਚੇਅਰਮੈਨ ਸ੍ਰੀ ਰਾਜੇਸ਼ ਮਾਯਰ,ਉਪ ਚੇਅਰਮੇਨ ਸ੍ਰੀਮਤੀ ਨੀਰਜ਼ਾ ਮਾਯਰ ਅਤੇ ਪ੍ਰਿੰਸੀਪਲ ਸ੍ਰੀਮਤੀ ਸਰੀਤਾ ਮਧੋਕ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਉਨਾਂ ਦਾ ਸਨਮਾਨ ਕੀਤਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਯੋ ਕਾਲਜ ਕਮੇਟੀ ਦੇ ਚੇਅਰਮੇਨ ਠਾਕੁਰ ਰਣਧੀਰ ਵਿਕਰਮ ਸਿੰਘ, ਐਜੁਕੇਸ਼ਨ ਕੰਸਲਟੈਂਟ ਮਾਯੋ ਕਾਲਜ ਨਵੀਨ ਕੁਮਾਰ ਦਿਕਸ਼ਤ,ਕਾਸਾ ਦੇ ਚੇਅਰਮੇਨ ਅਨੀਲ ਚੋਪੜਾ,ਚੇਤਨ ਮਾਯਰ ਅਤੇ ਹੋਰ ਵੀ ਹਾਜ਼ਰ ਸਨ।