ਰਾਏਕੋਟ ਨੂੰ ਰੇਲ ਸਹੂਲਤ ਨਾਲ ਜੋੜਨ ਲਈ ਡਾ. ਅਮਰ ਸਿੰਘ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਮਿਲੇ

ਲੁਧਿਆਣਾ, 4 ਜੁਲਾਈ, 2019 –

ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਇਤਿਹਾਸਕ ਸ਼ਹਿਰ ਰਾਏਕੋਟ ਨੂੰ ਰੇਲ ਸਹੂਲਤ ਨਾਲ ਜੋੜਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਅੱਜ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਊਸ਼ ਗੋਇਲ ਨਾਲ ਉਨ੍ਹਾਂ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ।

ਸ੍ਰੀ ਗੋਇਲ ਨਾਲ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਸਬ-ਡਵੀਜਨ ਮੁੱਲਾਂਪੁਰ, ਲੁਧਿਆਣਾ ਅਤੇ ਬਰਨਾਲਾ ਦੇ ਵਿਚਕਾਰ ਪੈਂਦੀ ਹੈ। ਭਾਵੇਂਕਿ ਰਾਏਕੋਟ, ਮਹਾਂਨਗਰ ਲੁਧਿਆਣਾ ਦੇ ਨਜ਼ਦੀਕ ਪੈਂਦਾ ਹੈ ਪਰ ਫਿਰ ਵੀ ਇਹ ਸ਼ਹਿਰ ਰੇਲ ਆਵਾਜਾਈ ਨਾਲ ਜੁੜਿਆ ਹੋਇਆ ਨਹੀਂ ਹੈ। ਜਿਸ ਕਾਰਨ ਇਸ ਸ਼ਹਿਰ ਦਾ ਲੰਮੇ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਰਾਏਕੋਟ ਇੱਕ ਇਤਿਹਾਸਕ ਮਹੱਤਤਾ ਰੱਖਣ ਵਾਲਾ ਸ਼ਹਿਰ ਹੈ। ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਇਸ ਸ਼ਹਿਰ ਵਿੱਚ ਪਏ ਸਨ ਅਤੇ ਇਸ ਸ਼ਹਿਰ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਵੀ ਸਾਂਝ ਜੁੜਦੀ ਹੈ।

ਇਸ ਕਰਕੇ ਇਸ ਸ਼ਹਿਰ ਨੂੰ ਰੇਲ ਸਹੂਲਤ ਨਾਲ ਜੋੜਨ ਲਈ ਮੁੱਲਾਂਪੁਰ ਤੋਂ ਬਰਨਾਲਾ ਤੱਕ (ਵਾਇਆ ਰਾਏਕੋਟ) ਰੇਲਵੇ ਲਾਈਨ ਪਾਈ ਜਾਵੇ ਤਾਂ ਜੋ ਇਸ ਸ਼ਹਿਰ ਦਾ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਯੂਥ ਕਾਂਗਰਸੀ ਆਗੂ ਸ੍ਰੀ ਕਾਮਿਲ ਬੋਪਾਰਾਏ ਵੀ ਹਾਜ਼ਰ ਸਨ।

Share News / Article

Yes Punjab - TOP STORIES