ਰਹਿ ਗਏ ਚੋਣਾਂ ਦੇ ਲਈ ਹਨ ਦਿਨ ਥੋੜ੍ਹੇ, ਜ਼ਾਬਤਾ ਚੋਣ ਦਾ ਹੈ ਲਾਇਆ ਜਾ ਸਕਦਾ

ਅੱਜ-ਨਾਮਾ

ਰਹਿ ਗਏ ਚੋਣਾਂ ਦੇ ਲਈ ਹਨ ਦਿਨ ਥੋੜ੍ਹੇ,
ਜ਼ਾਬਤਾ ਚੋਣ ਦਾ ਹੈ ਲਾਇਆ ਜਾ ਸਕਦਾ।

ਹੁੰਦੀਆਂ ਬੈਠਕਾਂ ਦਿੱਲੀ ਵੱਲ ਦਿਨੇ-ਰਾਤੀਂ,
ਐਲਾਨ ਕਿਸੇ ਵੀ ਵਕਤ ਬਈ ਆ ਸਕਦਾ।

ਮੰਤਰੀ ਵੰਡਣ ਗਰਾਂਟਾਂ ਲਈ ਚੈੱਕ ਰੱੁਝੇ,
ਚੋਣ ਕਮਿਸ਼ਨ ਬਰੇਕ ਜਿਹੀ ਲਾ ਸਕਦਾ।

ਨਾਢੂ ਖਾਨ ਹਨ ਜਿਹੜੇ ਕੁਝ ਬਣੇ ਫਿਰਦੇ,
ਇੱਕ ਦਮ ਨੱਥ ਉਹ ਉਨ੍ਹਾਂ ਨੂੰ ਪਾ ਸਕਦਾ।

ਲੱਗ ਗਈ ਚਿੰਤਾ ਵਜ਼ੀਰਾਂ ਨੂੰ ਸੁਣੀ ਜਾਂਦੀ,
ਹੋਇਆ ਕੰਮ ਨਹੀਂ ਆਖਦੇ ਖਾਸ ਮਿੱਤਰ।

ਉਦਾਂ ਕਸਰ ਕਮਾਈਆਂ ਦੀ ਰਹੀ ਨਹੀਉ,
ਇਸੇ ਈ ਗੱਲ ਦਾ ਬੱਸ ਧਰਵਾਸ ਮਿੱਤਰ।

-ਤੀਸ ਮਾਰ ਖਾਂ
ਦਸੰਬਰ 15, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ