ਰਮਨ ਬਾਲਾਸੁਮਰਾਨੀਅਮ ਬ੍ਰਹਮ ਮਹਿੰਦਰਾ ਨੂੰ ਮਿਲੇ, ਲੁਧਿਆਣਾ ਦੇ ਮੁੱਦੇ ਵਿਚਾਰੇ

ਲੁਧਿਆਣਾ, 19 ਜੁਲਾਈ, 2019 –

ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਵਿਚਾਰਨ ਲਈ ਅੱਜ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ ਵੱਲੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਉਨ੍ਹਾਂ ਦੇ ਚੰਡੀਗੜ ਸਥਿਤ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ।

ਇਸ ਸੰਬੰਧੀ ਟੈਲੀਫੋਨ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਰਮਨ ਦੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਟਰੱਸਟ ਦਾ ਮਾਲੀਆ ਵਧਾਉਣ ਨਾਲ ਸੰਬੰਧਤ ਲੰਬਿਤ ਮਾਮਲਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤਾ ਗਿਆ। ਸ੍ਰੀ ਬ੍ਰਹਮ ਮਹਿੰਦਰਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟਰੱਸਟ ਦੀਆਂ ਜ਼ਮੀਨਾਂ ਦੇ ਵਿਕਾਸ ਅਤੇ ਵੇਚ ਨਾਲ ਸੰਬੰਧਤ ਮਾਮਲਿਆਂ ਵਿੱਚ ਤੇਜ਼ੀ ਲਿਆਉਣ। ਅਧਿਕਾਰੀਆਂ ਨੂੰ ਬਕਾਇਆ ਏਰੀਅਰ ਇਕੱਤਰ ਕਰਨ ਅਤੇ ਜਾਇਦਾਦ ਮਾਲਕਾਂ ਦੇ ਵੇਰਵੇ ਅਪਡੇਟ ਕਰਨ ਬਾਰੇ ਵੀ ਕਿਹਾ ਗਿਆ।

ਸ੍ਰੀ ਰਮਨ ਨੇ ਦੱਸਿਆ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨੇ ਉਨ੍ਹਾਂ ਵੱਲੋਂ ਟਰੱਸਟ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸ੍ਰੀ ਰਮਨ ਨੇ ਸ੍ਰੀ ਮਹਿੰਦਰਾ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾਉਣਗੇ ਅਤੇ ਟਰੱਸਟ ਨੂੰ ਇੱਕ ਵਧੀਆ ਅਦਾਰੇ ਵਜੋਂ ਉੱਪਰ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਟਰੱਸਟ ਦੇ ਮਾਲੀਏ ਨੂੰ ਵਧਾਉਣ ਅਤੇ ਬੇਲੋੜੇ ਖਰਚੇ ਘਟਾਉਣ ‘ਤੇ ਸਭ ਤੋਂ ਵੱਧ ਜ਼ੋਰ ਦੇਣਗੇ।

ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰਪ੍ਰਸ਼ਾਦ, ਟਰੱਸਟ ਦੇ ਕਾਰਜ ਸਾਧਕ ਅਫ਼ਸਰ ਸ੍ਰ. ਹਰਪ੍ਰੀਤ ਸਿੰਘ, ਐਕਸੀਅਨ ਸ੍ਰੀ ਨਵੀਨ ਮਲਹੋਤਰਾ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES