ਯੂ.ਕੇ. ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਢੱਡਰੀਆਂਵਾਲੇ ਅਤੇ ਹਰਿੰਦਰ ਸਿੰਘ ਦੇ ਬਾਈਕਾਟ ਦਾ ਫ਼ੈਸਲਾ

ਯੈੱਸ ਪੰਜਾਬ
ਅੰਮ੍ਰਿਤਸਰ 22 ਦਸੰਬਰ, 2019:

ਯੂ ਕੇ ਦੀਆਂ ਸਿਖ ਸੰਗਤਾਂ ਵੱਲੋਂ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਦਾ ਕਿਸੇ ਵੀ ਜਗਾ ਪ੍ਰਚਾਰ ਕਰਨ ‘ਤੇ ਮੁਕੰਮਲ ਪਾਬੰਦੀ ਲਾਉਂਦਿਆਂ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ।

ਸਿੱਖ ਕੌਂਸਲ ਯੂ ਕੇ ਦੀ ਅਗਵਾਈ ‘ਚ ਯੂ ਕੇ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਨੁਮਾਇੰਦਿਆਂ ਵੱਲੋਂ 21 ਦਸੰਬਰ ਨੂੰ ਸ੍ਰੀ ਗੁਰੂ ਹਰਿ ਰਾਏ ਗੁਰਦੁਆਰਾ ਸਾਹਿਬ ਵੈਸਟ ਬਰਾਵਿਚ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੋਈ ਪੰਥਕ ਇਕੱਠ ਦੌਰਾਨ ਲੰਮੇ ਵਿਚਾਰ ਵਟਾਂਦਰੇ ਉਪਰੰਤ ਪੰਥ ‘ਚ ਫੁੱਟ ਦਾ ਕਾਰਨ ਬਣ ਰਹੇ ਢੱਡਰੀਆਂ ਵਾਲਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਸਦਕਾ ਹਰਿੰਦਰ ਸਿੰਘ ਪ੍ਰਤੀ ਬਾਈਕਾਟ ਦਾ ਪ੍ਰਸਤਾਵ ਰਖਿਆ ਗਿਆ ਜਿਸ ਨੂੰ ਬਿਨਾ ਕਿਸੇ ਵਿਰੋਧ ‘ਤੇ ਸੰਗਤ ਅਤੇ ਪੰਥਕ ਨੁਮਾਇੰਦਿਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਪਾਸ ਕਰ ਦਿਤਾ ਗਿਆ।

ਸਿਖ ਆਗੂ ਪ੍ਰੋ: ਗੁਰਦੀਪ ਸਿੰਘ ਜਗਵੀਰ ਅਤੇ ਸ: ਗੁਰਮੇਲ ਸਿੰਘ ਕੰਦੋਲਾ ਵੱਲੋਂ ਪੜੇ ਗਏ ਮਤਿਆਂ ਵਿਚ ਪੰਥਕ ਇਕੱਠ ਵੱਲੋਂ ਗੁਰਦੁਆਰਾ ਕਮੇਟੀਆਂ ਅਤੇ ਸੰਸਾਰ ਦੀਆਂ ਸਿਖ ਜਥੇਬੰਦੀਆਂ ਨੂੰ ਉਕਤ ਦੋਹਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਪ੍ਰਚਾਰ ਲਈ ਬੁੱਕ ਨਾ ਕਰਨ ਤੋਂ ਇਲਾਵਾ ਮੀਡੀਆ ਨੂੰ ਵੀ ਇਨ੍ਹਾਂ ਨੂੰ ਬੇਲੋੜੀ ਐਕਸਪੋਜਰ ਨਾ ਕਰਨ ਦੀ ਅਪੀਲ ਕੀਤੀ ਗਈ। ਮਤੇ ਰਾਹੀਂ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਕਤ ਦੋਹਾਂ ਵਿਰੁੱਧ ਪੰਥਕ ਰਵਾਇਤਾਂ ਮੁਤਾਬਿਕ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ।

ਇਹ ਵੀ ਮਤਾ ਪਾਇਆ ਗਿਆ ਕਿ ਉਕਤ ਦੋਹਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਕੋਈ ਵੀ ਨਿੱਜੀ ਜਾਂ ਜਥੇਬੰਦਕ ਤੌਰ ‘ਤੇ ਕੋਈ ਸਾਂਝ ਨਾ ਰੱਖਦਿਆਂ ਸਮਾਜਕ ਬਾਈਕਾਟ ਕੀਤਾ ਜਾਵੇ।

ਮੀਟਿੰਗ ਨੇ ਉਕਤ ਪ੍ਰਚਾਰਕਾਂ ਵੱਲੋਂ ਸਿਖੀ ਸਿਧਾਂਤਾਂ ਦੇ ਉਲਟ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੂਲੋ ਰੱਦ ਕੀਤਾ ਹੈ। ਇਕੱਠ ਨੇ ਮੰਗ ਕੀਤੀ ਕਿ ਕੌਮ ਨੂੰ ਫੁੱਟ ਤੋਂ ਬਚਾਇਆ ਜਾਵੇ ਅਤੇ ਅਧਿਆਤਮਕ ਪੈ੍ਰਕਟਿਸ ਦੇ ਨਾਲ ਨਾਲ ਸਿਖੀ ਅਸੂਲਾਂ ਵਿਚ ਭਰੋਸਾ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਪ੍ਰਚਾਰਕਾਂ ਤੋਂ ਮਰਿਆਦਾ ਵਿਚ ਰਹਿ ਕੇ ਪ੍ਰਚਾਰ ਕਰਨ ਅਤੇ ਵਿਵਾਦ ਪੂਰਨ ਮੁੱਦਿਆਂ ਤੋਂ ਬਚਣ ਦੀ ਲੋਚਾ ਕੀਤੀ। ਇਕੱਠ ਨੇ ਇਹ ਵੀ ਵਿਚਾਰ ਦਿਤਾ ਕਿ ਇਕ ਅਜਿਹਾ ਪੈਨਲ ਦਾ ਗਠਨ ਕੀਤਾ ਜਾਵੇ ਜਿਹੜਾ ਪ੍ਰਚਾਰਕਾਂ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਪ੍ਰਵਾਨਿਤ ਸਿਧਾਂਤਾਂ ਦੇ ਅਧਾਰ ‘ਤੇ ਨਿਰਪੱਖ ਅਤੇ ਬਰਾਬਰੀ ਦੀ ਭਾਵਨਾ ਨਾਲ ਨਜਿੱਠਿਆ ਜਾ ਸਕੇ।

ਪ੍ਰੋ: ਸਰਚਾਂਦ ਸਿੰਘ ਨੇ ਉਕਤ ਦੋਹਾਂ ਵਿਵਾਦਿਤ ਪ੍ਰਚਾਰਕਾਂ ਪ੍ਰਤੀ ਯੂ ਕੇ ਦੀਆਂ ਸਿਖ ਸੰਗਤਾਂ ਵੱਲੋਂ ਲਗਾਈ ਗਈ ਰੋਕ ਨੂੰ ਸਹੀ ਸਮੇਂ ਲਿਆ ਗਿਆ ਸ਼ਲਾਘਾ ਯੋਗ ਫ਼ੈਸਲਾ ਕਰਾਰ ਦਿਤਾ ਹੈ।

Share News / Article

Yes Punjab - TOP STORIES