ਯੂ.ਏ.ਈ, ਪੰਜਾਬ ਵਿੱਚ ਵਿਸ਼ੇਸ਼ ਕਰਕੇ ਖੁਰਾਕ ਤ ਸਾਜੋ-ਸਾਮਾਨ ਦੇ ਖੇਤਰਾਂ ਵਿੱਚ ਨਿਵੇਸ਼ ਦੀ ਭਾਲ ਵਿੱਚ

ਚੰਡੀਗੜ, 3 ਦਸੰਬਰ, 2019:
ਪੰਜਾਬ ਅਤੇ ਖਾੜੀ ਦੇਸ਼ ਦੇ ਆਪਸੀ ਵਪਾਰਕ ਸਬੰਧਾਂ ਨੂੰ ਇੱਕ ਹੋਰ ਦਿਸ਼ਾ ਦੇਣ ਦੇ ਮੱਦੇਨਜ਼ਰ ਯੂ.ਏ.ਈ. ਦੀਆਂ ਕੁਝ ਪ੍ਰਮੁੱਖ ਕੰਪਨੀਆਂ ਵਲੋਂ ਆਉਣ ਵਾਲੇ ਹਫ਼ਤਿਆਂ ਦੌਰਾਨ ਪੰਜਾਬ ਵਿੱਚ ਵਿਸ਼ੇਸ਼ ਕਰਕੇ ਖ਼ਰਾਕ ਤੇ ਸਾਜੋ-ਸਾਮਾਨ ਦੇ ਖੇਤਰ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਆਸ ਪ੍ਰਗਟਾਈ ਜਾ ਰਹੀ ਹੈ।

ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਭਾਗ ਲੈਣ ਵਾਲੇ ਦੇਸ਼ਾਂ ਵਿਚੋਂ ਇੱਕ ਭਾਈਵਾਲ ਹੋਣ ਵਜੋਂ ਯੂ.ਏ.ਈ ਵਲੋਂ ਮੌਜੂਦਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿਕਾਸ ਭਾਈਵਾਲੀ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।

ਜਿੱਥੇ ਇੱਕ ਪਾਸੇ ਲੁੱਲੂ ਗਰੁੱਪ ਵਲੋਂ ਰਾਜ ਤੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਲੰਬੇ ਸਮੇਂ ਦੀ ਖਰੀਦ ਦੇ ਸਹਿਯੋਗ ਲਈ ਸਮਝੌਤਿਆਂ ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਕੀਤੀ ਜਾ ਰਹੀ ਹੈ, ਉੱਥੇ ਹੀ ਡੀ.ਪੀ ਵਰਲਡ ਪਠਾਨਕੋਟ ਵਿੱਚ ਸਾਜੋ-ਸਾਮਾਨ ਖੇਤਰ ਵਿੱਚ ਆਪਣੇ ਦਾਖਲੇ ਦੀ ਪੜਚੋਲ ਕਰ ਰਿਹਾ ਹੈ।

ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਯ.ੂਏ.ਈ ਦੇ ਇਕ ਹੋਰ ਵੱਡਾ ਉਦਯੋਗ ਸਮੂਹ, ਐਮਾਰ ਗਰੁੱਪ, ਭੋਜਨ ਦੇ ਖੇਤਰ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਹੈ । ਪੰਜਾਬ ਤੋਂ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਨ ਤੋਂ ਇਲਾਵਾ, ਰਾਜ ਵਿਚ ਪੋਲਟਰੀ ਯੂਨਿਟ ਸਥਾਪਤ ਕਰਨ ਦੀ ਭਾਲ ਵਿੱਚ ਹੈ।

ਦੁਬਈ ਦੀ ਇਕ ਰੀਅਲ ਅਸਟੇਟ ਕੰਪਨੀ, ਪਹਿਲਾਂ ਹੀ ਪੰਜਾਬ ਵਿਚ ਆਪਣੀ ਪਹਿਲੀ ਇੰਟੇਗ੍ਰਟਿਡ ਟਾਊਨਸ਼ਿਪ ਸਥਾਪਤ ਕਰ ਚੁੱਕੀ ਹੈ ਅਤੇ ਇਸਦੀ ਜਾਇਦਾਦ ਮੁਹਾਲੀ ਵਿਚ 630 ਏਕੜ ਵਿਚ ਫੈਲੀ ਹੋਈ ਹੈ।

ਭਾਰਤ ਵਿੱਚ ਸੰਯੁਕਤ ਅਰਬ ਅਮੀਰਾਤ(ਯੂ.ਏ.ਈ) ਦੇ ਰਾਜਦੂਤ ਦੀ ਅਗਵਾਈ ਵਿੱਚ ਯੂ.ਏ.ਈ ਦਾ ਇੱਕ ਸਰਕਾਰੀ ਵਫ਼ਦ, ਸੰਮੇਲਨ ਵਿੱਚ ਪ੍ਰਮੁੱਖ ਅਤੇ ਪੈਨਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਵੇਗਾ। ਇਹ ਵਫਦ ਯੂ.ਏ.ਈ. ਦੇ ਉਦਯੋਗ ਵਫਦ ਦੇ ਸਹਿਯੋਗ ਨਾਲ ਭਾਈਵਾਲੀ ਦੇ ਵੱਖ ਵੱਖ ਖੇਤਰਾਂ ਦੀ ਪੜਚੋਲ ਕਰੇਗਾ,ਜਿਸ ਵਿੱਚ ਸ਼ਰਾਫ ਗਰੁੱਪ ਅਤੇ ਲੁੱਲੂ ਗਰੁੱਪ ਦੇ ਸੀ.ਐਕਸ.ਓ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ।

ਲੁੱਲੂ ਗਰੁੱਪ ਦੀ ਪਹਿਲਾਂ ਹੀ ਪੰਜਾਬ ਵਿਚ ਮਜ਼ਬੂਤ ਮੌਜੂਦਗੀ ਹੈ। ਉਨਾਂ ਨੇ ਹਾਲ ਹੀ ਵਿੱਚ ਯੂ.ਏ.ਈ ਤੋਂ ਬਾਹਰ ਮੀਟ ਪ੍ਰੋਸੈਸਿੰਗ ਪਲਾਂਟ ਸ਼ੁਰੂ ਕਰਨ ਲਈ ਪੰਜਾਬ ਦੇ ਮੁਹਾਲੀ ਜ਼ਿਲੇ ਦੇ ਡੇਰਾਬਸੀ ਵਿਖੇ ਇੱਕ ਯੂਨਿਟ ਲਾਇਆ ਹੈ। ਉਨਾਂ ਨੇ ਆਪਣੇ ਬ੍ਰਾਂਡ ਕ੍ਰੀਮਿਕਾ ਦੇ ਜ਼ਰੀਏ ਲੁਧਿਆਣਾ ਸਥਿਤ ਮੈਸਰਜ਼ ਬੈਕਟਰਸ ਨਾਲ ਬਿਸਕੁਟ ਬਣਾਉਣ ਦਾ ਇਕਰਾਰਨਾਮਾ ਵੀ ਕੀਤਾ ਹੈ। ਲੁੱਲੂ, ਇਹ ਬਿਸਕੁਟ ਆਪਣੀ ਰਿਟੇਲ ਚੇਨਜ਼ ਰਾਹੀਂ ਯੂਏਈ, ਕਤਰ ਅਤੇ ਸਾਊਦੀ ਅਰਬ ਵਿੱਚ ਵੇਚ ਰਿਹਾ ਹੈ। ਇਸ ਸਾਂਝੇਦਾਰੀ ਦੇ ਨਤੀਜੇ ਵਜੋਂ ਪਿਛਲੇ ਛੇ ਮਹੀਨਿਆਂ ਵਿੱਚ 8.9 ਮਿਲੀਅਨ ਰੁਪਏ ਦਾ ਕਾਰੋਬਾਰ ਹੋਇਆ ਹੈ।

ਉਨਾਂ ਕਿਹਾ ਕਿ ਲੁਧਿਆਣਾ ਅਧਾਰਤ ਟ੍ਰਾਈਡੈਂਟ ਸਮੂਹ ਮੱਧ ਪੂਰਬ ਵਿਚ ਆਪਣੀ ਰਿਟੇਲ ਚੇਨ ਰਾਹੀਂ ਉਤਪਾਦਾਂ (ਘਰੇਲੂ ਟੈਕਸਟਾਈਲ ਅਤੇ ਤੌਲੀਏ) ਵੇਚਣ ਲਈ ਲੂਲੂ ਸਮੂਹ ਨਾਲ ਵੀ ਉੱਨਤ ਗੱਲਬਾਤ ਕਰ ਰਿਹਾ ਹੈ।

ਗਰੁੱਪ ਦੇ ਸੀ.ਈ.ਓ ਸੈਫੀ ਰੁਪਾਵਾਲਾ ਨੇ ਦਸੰਬਰ, 2018 ਵਿੱਚ ਲੁੱਲੂ ਗਰੁੱਪ ਅਤੇ ਪੰਜਾਬ ਅਧਾਰਤ ਉੱਦਮੀਆਂ ਵਿੱਚਕਾਰ ਸੁਚਾਰੂ ਭਾਈਵਾਲੀਆਂ ਸਥਾਪਤ ਕਰਨ ਬਾਰੇ ਵਿਚਾਰ ਵਟਾਂਦਰੇ ਲਈ ਪੰਜਾਬ ਦਾ ਦੌਰਾ ਕੀਤਾ ਸੀ। ਟੀਮ ਨੇ ਰਾਜ ਵਿਚ ਨਿਵੇਸ਼ ਦੇ ਮਾਹੌਲ ਸਬੰਧੀ ਅਧਿਐਨ ਕੀਤਾ ਅਤੇ ਢੁਕਵੇਂ ਉਦਯੋਗਿਕ ਵਾਤਾਵਰਣ ਦਾ ਮੁਲਾਂਕਣ ਕੀਤਾ|

ਜਿਸ ਤੋਂ ਬਾਅਦ ਉਨਾਂ ਨੇ ਬਿਜ਼ਨਸ ਟੂ ਬਿਜ਼ਨਸ (ਬੀ 2 ਬੀ) ਇਨਗੇਜਮੈਂਟ ਵਿਚ ਦਿਲਚਸਪੀ ਪ੍ਰਗਟਾਈ, ਜਿਸ ਤਹਿਤ ਉਨਾਂ ਨੇ ਖੇਤੀਬਾੜੀ ਵਾਲੀਆਂ ਵਸਤਾਂ, ਖੁਰਾਕੀ ਉਤਪਾਦਾਂ ਅਤੇ ਪੈਕ ਕੀਤੇ ਸਮਾਨ ਨੂੰ ਪੰਜਾਬ ਤੋਂ ਯੂ.ਏ.ਈ ਵਿਚ ਬਰਾਮਦ ਕਰਨ ਦਾ ਫੈਸਲਾ ਕੀਤਾ। ਆਪਣੀ ਪਹਿਲੀ ਖੇਪ ਵਿੱਚ, ਲੁੱਲੂ ਸਮੂਹ ਵੱਲੋਂ ਸੂਬੇ ਤੋਂ 200 ਟਨ ਕਿੰਨੂ ਲਿਜਾਇਆ ਗਿਆ।

ਸ੍ਰੀਮਤੀ ਮਹਾਜਨ ਅਨੁਸਾਰ, ਨਿਵੇਸ਼ ਪੰਜਾਬ ਨੇ ਲੁੱਲੂ ਗਰੁੱਪ ਨੂੰ ਬੀ 2 ਬੀ ਦੀ ਮੁਕੰਮਲ ਸਹੂਲਤ ਦਿੱਤੀ, ਜਿਸ ਨਾਲ ਉਨਾਂ ਦਾ ਪੰਜਾਬ ਅਧਾਰਤ ਉੱਦਮਾਂ ਵਿਚ ਵਿਸ਼ਵਾਸ ਵਧਿਆ ਅਤੇ ਭਾਈਵਾਲੀ ਨੂੰ ਨਿਰਵਿਘਨ ਲਾਗੂ ਕੀਤਾ ਗਿਆ।

ਦੁਬਈ ਸਥਿਤ ਸ਼ਿਪਿੰਗ ਕੰਪਨੀ ਵਿਸ਼ਾਲ ਸ਼ਰਾਫ ਗਰੁੱਪ ਦੀ 100% ਸਹਾਇਕ ਕੰਪਨੀ ਹਿੰਦ ਟਰਮੀਨਲ, ਜ਼ਿਲਾ ਲੁਧਿਆਣਾ ਵਿੱਚ ਇੱਕ ਅਤਿ-ਆਧੁਨਿਕ ਮਲਟੀਮਾਡਲ ਲੌਜਿਸਟਿਕ ਹੱਬ ਸਥਾਪਤ ਕਰ ਰਹੀ ਹੈ। 55 ਏਕੜ ਵਿਚ ਫੈਲੇ ਇਸ ਬਹੁ-ਮੰਡਲ ਲੌਜਿਸਟਿਕ ਪਾਰਕ ਵਾਲੇ ਪ੍ਰਾਜੈਕਟ ਦੀ ਅਨੁਮਾਨਤ ਲਾਗਤ ਲਗਭਗ 200 ਕਰੋੜ ਰੁਪਏ ਹੈ।

ਪੰਜਾਬ ਅਤੇ ਯੂ.ਏ.ਈ ਦੇ ਆਪਸੀ ਵਪਾਰਕ ਸਬੰਧਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਵਫਦ ਨੇ ਅਕਤੂਬਰ, 2018 ਵਿੱਚ ਦੁਬਈ ਵਿਖੇ ਭਾਰਤ-ਯੂਏਈ ਭਾਈਵਾਲੀ ਸੰਮੇਲਨ ਦੇ ਦੂਜੇ ਐਡੀਸ਼ਨ ਵਿੱਚ ਹਿੱਸਾ ਲਿਆ ਸੀ ਜਿੱਥੇ ਉਨਾਂ ਨੇ ਰਿਟੇਲ, ਰੀਅਲ ਅਸਟੇਟ, ਹੈਲਥਕੇਅਰ , ਲੌਜਿਸਟਿਕਸ ਅਤੇ ਵੇਅਰਹਾਊਸਿੰਗ, ਐਗਰੋ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਆਦਿ ਖੇਤਰਾਂ ਵਿੱਚ ਨਿਵੇਸ਼ਕਾਂ ਨਾਲ ਗੱਲਬਾਤ ਕੀਤੀ।

ਇਸ ਵਟਾਂਦਰੇ ਦੇ ਅਧਾਰ ਤੇ, ਯੂ.ਏ.ਈ ਦੇ ਬਹੁਤ ਸਾਰੇ ਪ੍ਰਮੁੱਖ ਵਪਾਰਕ ਗਰੁੱਪਾਂ ਸਮੇਤ ਲੁੱਲੂ ਗਰੁੱਪ, ਡੀ.ਪੀ ਵਰਲਡ, ਸ਼ਰਾਫ ਗਰੁੱਪ ਅਤੇ ਬੀ.ਆਰ.ਐਸ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਪੰਜਾਬ ਅਤੇ ਯ.ੂਏ.ਈ ਦੇ ਪੂਰਕ ਖੇਤਰਾਂ ਵਿਚ ਮੌਜੂਦ ਵਪਾਰ ਦੇ ਮੌਕਿਆਂ ਦੀ ਤਲਾਸ਼ ਕੀਤੀ।