ਮੰਤਰੀ ਮੰਡਲ ਵੱਲੋਂ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾ ਕੇ 72 ਸਾਲ ਤੱਕ ਕਰਨ ਦੀ ਪ੍ਰਵਾਨਗੀ

ਚੰਡੀਗੜ, 16 ਸਤੰਬਰ, 2019 –

ਪੰਜਾਬ ਮੰਤਰੀ ਮੰਡਲ ਵੱਲੋਂ ਸੋਮਵਾਰ ਨੂੰ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟਸ ਐਕਟ, 2004 ਵਿੱਚ ਸੋਧ ਕਰਦਿਆਂ ਚੇਅਰਮੈਨ ਦੀ ਉਮਰ ਹੱਦ 70 ਤੋਂ ਵਧਾ ਕੇ 72 ਸਾਲ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟਸ ਐਕਟ, 2004 ਦੀ ਧਾਰਾ 4 (1) ਵਿੱਚ ਸੋਧ ਲਈ ਇਕ ਆਰਡੀਨੈਂਸ ਲਿਆਂਦਾ ਜਾਵੇਗਾ।

ਇਸ ਵੇਲੇ ਚੇਅਰਪਰਸਨ ਦੇ ਸੇਵਾਕਾਲ ਦੀ ਮਿਆਦ ਛੇ ਸਾਲ ਜਾਂ 70 ਸਾਲ ਉਮਰ ਹੈ, ਜਿਨਾਂ ਵਿੱਚੋਂ ਜੋ ਵੀ ਪਹਿਲਾਂ ਆਵੇ।

ਮੰਤਰੀ ਮੰਡਲ ਵੱਲੋਂ ਕੀਤਾ ਇਹ ਫੈਸਲਾ ਅਹੁਦੇ ਲਈ ਵਧੇਰੇ ਤਜ਼ਰੇਬਕਾਰ ਵਿਅਕਤੀ ਲਗਾਉਣ ਵਿੱਚ ਸਹਾਇਤਾ ਕਰੇਗਾ ਅਤੇ ਸੂਬੇ ਵਿੱਚ ਐਸ.ਸੀ. ਭਾਈਚਾਰੇ ਦੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ।

ਅਨੁਸੂਚਿਤ ਜਾਤੀਆਂ ਲਈ ਪੰਜਾਬ ਰਾਜ ਕਮਿਸ਼ਨ ਦਾ ਗਠਨ ‘ਦਾ ਪੰਜਾਬ ਸਟੇਟ ਕਮਿਸ਼ਨਰ ਸ਼ਡਿੳੂਲ ਕਾਸਟਸ ਕਮਿਸ਼ਨ ਐਕਟ, 2004’ ਤਹਿਤ ਕੀਤਾ ਗਿਆ ਸੀ। ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁਕਤੀ ਦੇ ਸਬੰਧ ਵਿੱਚ 2004 ਦੇ ਕਾਨੂੰਨ ਦੀ ਧਾਰਾ 3 (2) (ਏ) ਅਨੁਸਾਰ ਸਰਕਾਰ ਵੱਲੋਂ ਚੇਅਰਪਰਸਨ ਦੀ ਨਿਯੁਕਤੀ, ਅਨੁਸੂਚਿਤ ਜਾਤੀਆਂ ਨਾਲ ਸਬੰਧਤ ਉੱਘੀ ਸਖਸ਼ੀਅਤ ਜਾਂ ਫੇਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸੂਬਾ ਸਰਕਾਰ ਦਾ ਸੇਵਾ ਮੁਕਤ ਅਧਿਕਾਰੀ ਜੋ ਘੱਟੋ-ਘੱਟ ਪ੍ਰਮੁੱਖ ਸਕੱਤਰ ਦੇ ਅਹੁਦੇ ’ਤੇ ਰਿਹਾ ਹੋਵੇ, ਵਿੱਚੋਂ ਕੀਤੀ ਜਾਂਦੀ ਹੈ।

Yes Punjab - Top Stories