ਮੰਡੀਆਂ ‘ਚ ਕਿਸਾਨਾਂ ਦੀ ਖੱਜਲ-ਖ਼ੁਆਰੀ ਰੋਕਣ ਲਈ ਸ਼ੈਲਰ ਮਾਲਕਾਂ ਦੇ ਮਸਲੇ ਤੁਰੰਤ ਹੱਲ ਕਰੇ ਸਰਕਾਰ: ਭਗਵੰਤ ਮਾਨ

ਚੰਡੀਗੜ੍ਹ, 21 ਸਤੰਬਰ, 2019 –
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਸਰਕਾਰ ਕੋਲ ਪੰਜਾਬ ਦੇ ਸ਼ੈਲਰ ਮਾਲਕਾਂ ਦੇ ਮਸਲੇ ਤੁਰੰਤ ਹੱਲ ਕਰਨ ਦੀ ਜ਼ੋਰਦਾਰ ਮੰਗ ਉਠਾਈ ਹੈ ਤਾਂ ਕਿ ਝੋਨਾ ਵੇਚਣ ਸਮੇਂ ਕਿਸਾਨਾਂ ਦੀ ਮੰਡੀਆਂ ‘ਚ ਖੱਜਲ-ਖ਼ੁਆਰੀ ਅਤੇ ਲੁੱਟ-ਖਸੁੱਟ ਨਾ ਹੋਵੇ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ‘ਚ ਸ਼ੈਲਰ ਮਾਲਕਾਂ ਦੀਆਂ ਖ਼ਬਰਾਂ ਤੋਂ ਲੱਗਦਾ ਹੈ ਕਿ ਜੇਕਰ ਸਰਕਾਰ ਨੇ ਸ਼ੈਲਰ ਉਦਯੋਗ ਵਿਰੋਧੀ ਨਵੀਂ ਕਸਟਮ ਮਿਲਿੰਗ ਪਾਲਿਸੀ ਨੂੰ ਮੁੜ-ਵਿਚਾਰ ਕੇ ਸ਼ੈਲਰ ਮਾਲਕਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸ਼ੈਲਰ-ਉਦਯੋਗ ਹੜਤਾਲ ਕਰਨ ਲਈ ਮਜਬੂਰ ਹੋਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਦੀ ਬੇਰੁਖ਼ੀ ਅਤੇ ਬਦਨੀਤੀ ਕਾਰਨ ਸ਼ੈਲਰ ਮਾਲਕ ਝੋਨੇ ਦੇ ਸੀਜ਼ਨ ਦੌਰਾਨ ਹੜਤਾਲ ‘ਤੇ ਜਾਂਦੇ ਹਨ ਤਾਂ ਇਸ ਦਾ ਸਭ ਤੋਂ ਬੁਰਾ ਅਸਰ ਕਿਸਾਨਾਂ ‘ਤੇ ਪਵੇਗਾ ਅਤੇ ਮੰਡੀਆਂ ‘ਚ ਰੁਲ ਰਹੇ ਕਿਸਾਨਾਂ ਦੀ ‘ਮੰਡੀ ਮਾਫ਼ੀਆ’ ਲੁੱਟ-ਖਸੁੱਟ ਕਰੇਗਾ, ਜਿਸ ਨੂੰ ਆਮ ਆਦਮੀ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਭਗਵੰਤ ਮਾਨ ਨੇ ਕਿਹਾ ਕਿ ਝੋਨਾ ਮੰਡੀਆਂ ‘ਚ ਆਉਣਾ ਸ਼ੁਰੂ ਹੋ ਗਿਆ ਹੈ, ਜੇਕਰ ਸ਼ੈਲਰ ਮਾਲਕ ਲਿਫ਼ਟਿੰਗ- ਸਟੋਰੇਜ ਨਹੀਂ ਕਰ ਸਕਣਗੇ ਤਾਂ ਇਸ ਦਾ ਸਭ ਤੋਂ ਵੱਧ ਬੁਰਾ ਅਸਰ ਕਿਸਾਨਾਂ, ਲੇਬਰ, ਆੜ੍ਹਤੀ ਅਤੇ ਟਰਾਂਸਪੋਰਟਰਾਂ ‘ਤੇ ਪਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦੀਆਂ ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਉਦਯੋਗ ਅਤੇ ਸ਼ੈਲਰ ਇੰਡਸਟਰੀ ਬੰਦ ਹੋ ਰਹੀ ਹੈ। ਮਾਨ ਨੇ ਕਿਹਾ ਕਿ ਸਰਕਾਰੀ ਖ਼ਰੀਦ ਏਜੰਸੀਆਂ ਸ਼ੈਲਰ ਮਾਲਕਾਂ ਦਾ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਪਿਛਲੇ ਸਾਲ ਦਾ ਦੱਬੀ ਬੈਠੀਆਂ ਹਨ।

ਮਾਨ ਅਨੁਸਾਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਸ਼ੈਲਰ ਮਾਲਕ ਆਪਣੀਆਂ ਐਸੋਸੀਏਸ਼ਨਾਂ ਦੇ ‘ਸਰਕਾਰੀ ਪ੍ਰਧਾਨਾਂ’ ਤੋਂ ਵੀ ਦੁਖੀ ਜਾਪਦੇ ਹਨ। ਉਨ੍ਹਾਂ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਸ਼ੈਲਰ ਮਾਲਕਾਂ ਦੀਆਂ ਮੰਗਾਂ ਅਗਲੇ 2-4 ਦਿਨਾਂ ‘ਚ ਹੱਲ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਵਾਰ ਝੋਨੇ ਦਾ ਸੀਜ਼ਨ ਇਹ ਵੀ ਸਪਸ਼ਟ ਕਰੇਗਾ ਕਿ ਸਰਕਾਰ ਕਿਸਾਨਾਂ, ਸ਼ੈਲਰ ਮਾਲਕਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਅਤੇ ਲੇਬਰ ਵੱਲ ਹੈ ਜਾਂ ‘ਮੰਡੀ ਮਾਫ਼ੀਆ’ ਵੱਲ ਖੜਦੀ ਹੈ।

ਭਗਵੰਤ ਮਾਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੱਲ ਗੰਭੀਰਤਾ ਨਾ ਦਿਖਾਈ ਤਾਂ ‘ਆਪ’ ਇਨ੍ਹਾਂ ਕਾਰੋਬਾਰੀਆਂ ਨੂੰ ਲਾਮਬੰਦ ਕਰਕੇ ਸੰਘਰਸ਼ ਦਾ ਬਿਗਲ ਵਜਾਏਗੀ