26.1 C
Delhi
Tuesday, April 16, 2024
spot_img
spot_img

ਮੌਂਟਰੀਅਲ ਵਿਖੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਰੋਸ ਰੈਲੀ, ਜੱਥੇਬੰਦੀ ਵੱਲੋਂ 3 ਫਰਵਰੀ ਨੂੰ ਸ਼ਹਿਰ ਵਿੱਚ ਕਾਰ ਮਾਰਚ ਦਾ ਸੱਦਾ

ਮੌਂਟਰੀਅਲ, 31 ਜਨਵਰੀ, 2022 (ਦਲਜੀਤ ਕੌਰ ਭਵਾਨੀਗੜ੍ਹ)
ਅੱਜ ਮੌਂਟਰੀਅਲ ਦੇ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਲਾਸਾਲ ਵਿਖੇ ਵਿਸ਼ਾਲ ਵਿਦਿਆਰਥੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵਿਦਿਆਰਥੀਆਂ ਸਮੇਤ ਕੈਨੇਡਾ ਵਸਦੇ ਵੱਖ-ਵੱਖ ਭਾਈਚਾਰਿਆਂ ਅਤੇ ਸਮਾਜਿਕ-ਜਮਹੂਰੀ ਜੱਥੇਬੰਦੀਆਂ ਨੇ ਵੀ ਹਿੱਸਾ ਲਿਆ। ਕੜਾਕੇ ਦੀ ਠੰਡ ’ਚ ਇਹ ਰੈਲੀ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਸੰਗਠਨ’ ਦੇ ਝੰਡੇ ਹੇਠ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਿਦਿਆਰਥੀ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਸਮੇਂ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਸੰਗਠਨ’ ਸੰਗਠਨ ਵੱਲੋਂ ਹਰਿੰਦਰ ਸਿੰਘ, ਹਰਲੀਨ ਕੌਰ, ਹਰਜੀਤ ਸਿੰਘ ਬਾਜਵਾ, ਦੀਪਾਕਸ਼ੀ, ਵਰੁਣ ਖੰਨਾ, ਪਰਮ ਢਿੱਲੋਂ, ਅਮਿਤੋਜ਼ ਸ਼ਾਹ, ਖੁਸ਼ਪਾਲ ਗਰੇਵਾਲ, ਪੰਜਾਬ ਤੋਂ ਨਿਸ਼ਾ ਆਦਿ ਆਗੂਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਿਛਲੇ ਦਿਨੀਂ ਕੈਨੇਡਾ ਵਿੱਚ ਮੌਂਟਰੀਅਲ ਦੇ ਤਿੰਨ ਕਾਲਜ ਐਮ-ਕਾਲਜ, ਸੀਡੀਈ ਅਤੇ ਸੀਸੀਐਸਕਿਊ ਦੇ ਬੰਦ ਹੋਣ ਨਾਲ ਇਹਨਾਂ ਕਾਲਜਾਂ ਵਿੱਚ ਪੜ੍ਹਦੇ ਸੈਂਕੜੇ ਵਿਦਿਆਰਥੀਆਂ ਦੀ ਪੜਾਈ ਰੁੱਕ ਗਈ ਅਤੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ।ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਦਿੱਤੀ ਜਾ ਰਹੀ।ਵਿਦਿਆਰਥੀ ਘਰ ਬੈਠੇ ਹਨ ਅਤੇ ਉਹਨਾਂ ਦੇ ਸਟੱਡੀ ਪਰਮਿਟ ਦੀ ਮਿਆਦ ਜਲਦ ਹੀ ਖਤਮ ਹੋਣ ਜਾ ਰਹੀ ਹੈ।

ਇਹਨਾਂ ਵਿੱਚੋਂ ਲੱਗਭੱਗ 30% ਵਿਦਿਆਰਥੀਆਂ ਦੀ ਹਾਲ ਹੀ ਵਿੱਚ ਪਹਿਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਹੋਈ ਸੀ ਅਤੇ 70% ਵਿਦਿਆਰਥੀਆਂ ਦੀ ਪੜ੍ਹਾਈ ਲੱਗਭੱਗ ਖਤਮ ਹੋਣ ਵਾਲੀ ਸੀ। ਆਉਣ ਵਾਲੇ ਦਿਨਾਂ ਵਿੱਚ ਜੇਕਰ ਇਹ ਤਿੰਨ ਕਾਲਜ ਇਸੇ ਤਰ੍ਹਾਂ ਬੰਦ ਰਹਿੰਦੇ ਹਨ ਜਾਂ ਇਹਨਾਂ ਕਾਲਜਾਂ ਦੇ ਲਾਈਸੰਸ ਰੱਦ ਹੁੰਦੇ ਹਨ ਤਾਂ ਇਹਨਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਜਿੱਥੇ ਉਹਨਾਂ ਦਾ ਸਮਾਂ ਬਰਬਾਦ ਹੋਵੇਗਾ ਉੱਥੇ ਉਹਨਾ ਦੁਆਰਾ ਭਰੀਆਂ ਮਹਿੰਗੀਆਂ ਫੀਸਾਂ ਵੀ ਅਜਾਈਂ ਜਾਣਗੀਆਂ।

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਵਿੱਚੋਂ ਸੈਂਕੜੇ ਵਿਦਿਆਰਥੀਆਂ ਨੇ ਇਹਨਾਂ ਕਾਲਜਾਂ ਵਿੱਚ ਦਾਖਲਾ ਲੈਣ ਲਈ ਵੱਖ-ਵੱਖ ਏਜੰਟਾਂ ਰਾਹੀਂ ਅਗਾਊਂ ਹੀ ਹਜ਼ਾਰਾਂ ਡਾਲਰ ਫੀਸ ਜਮਾਂ ਕਰਵਾਈ ਹੋਈ ਹੈ। ਇਹਨਾਂ ਵਿੱਚੋਂ ਜਿਆਦਾਤਰ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਹੋ ਚੁੱਕੇ ਹਨ ਪਰੰਤੂ ਫੀਸ ਰੀਫੰਡ ਦੀ ਮੰਗ ਕਰਨ ਦੇ ਬਾਵਜੂਦ ਵੀ ਇਹਨਾਂ ਵਿਦਿਆਰਥੀਆਂ ਨੂੰ ਫੀਸਾਂ ਵਾਪਸ ਨਹੀਂ ਕੀਤੀਆਂ ਗਈਆਂ। ਸਟੱਡੀ ਵੀਜ਼ਾ ਰੱਦ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਫੀਸ ਵਾਪਸੀ ਦਾ ਕਾਨੂੰਨਨ ਹੱਕ ਹੈ। ਪਰ ਲਗਾਤਾਰ ਮੰਗ ਕਰਨ ਤੇ ਵੀ ਉਹਨਾਂ ਦੀ ਫੀਸ ਵਾਪਸ ਨਹੀਂ ਕੀਤੀ ਜਾ ਰਹੀ। ਆਈਆਰਸੀਸੀ (IRCC ) ਨੇ ਵਿਦਿਆਰਥੀਆਂ ਦੀਆਂ ਯੋਗਤਾ ਜਰੂਰਤਾਂ (eligible requirements ) ਨੂੰ ਵਾਚਦਿਆਂ ਕੋਵਿਡ-19 ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੱਗਭੱਗ ਡੇਢ ਸਾਲ ਪਹਿਲਾਂ ਆਨਲਾਈਨ ਪੜ੍ਹਾਈ ਕਰਨ ਲਈ ‘ਅਪਰੂਵਲ ਇਨ ਪ੍ਰਿੰਸੀਪਲ’ ਜਾਰੀ ਕੀਤੀ ਸੀ ਅਤੇ ਵਿਦਿਆਰਥੀਆਂ ਨੇ ਰਾਤਾਂ ਜਾਗ ਕੇ ਆਪਣੀਆਂ ਆਨਲਾਈਨ ਕਲਾਸਾਂ ਲਗਾਈਆਂ ਸਨ।

ਪਰੰਤੂ ਹੁਣ ਕਾਲਜ ਬੰਦ ਹੋਣ ਕਾਰਨ ਉਹਨਾਂ ਨੂੰ ਆਈਆਰਸੀਸੀ ਵੱਲੋਂ ਕੋਈ ਅੰਤਿਮ ਫੈਸਲਾ ਜਾਰੀ ਨਹੀਂ ਕੀਤਾ ਜਾ ਰਿਹਾ। ਭਾਰਤ ਰਹਿੰਦੇ ਕੁਝ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲ ਚੁੱਕਿਆ ਹੈ ਪਰ ਕਾਲਜ ਬੰਦ ਹੋਣ ਕਾਰਨ ਉਹਨਾਂ ਨੂੰ ਕੈਨੇਡਾ ਟਰੈਵਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕੁੱਝ ਵਿਦਿਆਰਥੀਆਂ ਨੂੰ ਨਾ ਵੀਜ਼ਾ ਮਿਲਿਆ ਹੈ ਅਤੇ ਨਾ ਹੀ ਉਹਨਾਂ ਦੀਆਂ ਆਨਲਾਈਨ ਕਲਾਸਾਂ ਲੱਗੀਆਂ।

ਕੈਨੈਡਾ ਵਿੱਚ ਦੁਨੀਆਂ ਭਰ ਵਿੱਚੋਂ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਅਤੇ ਉੱਚ ਸਿੱਖਿਆ ਹਾਸਲ ਕਰਨ ਆਉਂਦੇ ਹਨ, ਪਰ ਇਸ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ਦਾ ਘਾਣ ਹੋਣ ਨਾਲ ਉਹਨਾਂ ਵਿੱਚ ਕੈਨੇਡੀਅਨ ਸਿੱਖਿਆ ਪ੍ਰਬੰਧ ਪ੍ਰਤੀ ਸ਼ੰਕੇ ਖੜੇ ਹੋ ਰਹੇ ਹਨ। ਭਾਰਤ ਵਰਗੇ ਦੇਸ਼ਾਂ ਵਿੱਚ ਵਿਦਿਅਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਮੁਸ਼ਕਲਾਂ ਨਾਲ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਫੀਸਾਂ ਦਾ ਪ੍ਰਬੰਧ ਕਰਦੇ ਹਨ।

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਗਹਿਰੇ ਮਾਨਸਿਕ ਤਣਾਅ ’ਚ ਹਨ। ਉਹ ਮੰਗ ਕਰ ਰਹੇ ਹਨ ਕਿ ਕੈਨੇਡੀਅਨ ਸਰਕਾਰ, ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ ਅਤੇ ਭਾਰਤੀ ਵਿਦੇਸ਼ ਮੰਤਰੀ ਨੂੰ ਇਸ ਮਸਲੇ ਵਿੱਚ ਫੌਰੀ ਦਖਲਅੰਦਾਜ਼ੀ ਕਰਦਿਆਂ ਇਸਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਦਾ ਸਰਮਾਇਆ ਮੰਨੇ ਜਾਂਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਵਿੱਚੋਂ ਕੱਢਕੇ ਪੜਾਈ ਵੱਲ ਧਿਆਨ ਕੇਂਦਰਿਤ ਕਰਨ ਦਾ ਮਹੌਲ ਦਿੱਤਾ ਜਾਵੇ।

ਰੈਲੀ ਵਿੱਚ ਵਿਦਿਆਰਥੀਆਂ ਨੇ ਭਾਰਤ ਵਿੱਚ ਵੀਜ਼ਾ ਰੱਦ ਵਿਦਿਆਰਥੀਆਂ ਦੀ ਫੀਸ ਵਾਪਸੀ, ਬੰਦ ਹੋਏ ਤਿੰਨ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜਾਈ ਪੂਰੀ ਕਰਵਾਉਣ, ਸੀਏਕਿਊ ਅਤੇ ਸਟੱਡੀ ਪਰਮਿਟ ਮਨਜ਼ੂਰ ਕਰਦਿਆਂ ਵਿਦਿਆਰਥੀਆਂ ਨੂੰ ਗਰੈਜ਼ੂਏਟ ਕਰਨ, ਸਟੱਡੀ ਵੀਜ਼ਾ ਹਾਸਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਰੈਵਲ ਕਰਨ, ਜਿਹਨਾਂ ਵਿਦਿਆਰਥੀਆਂ ਨੇ ਇੱਕ ਸਾਲ ਤੋਂ ਉਪਰ ਸਮੇਂ ਤੋਂ ਫੀਸਾਂ ਭਰੀਆਂ ਹੋਈਆਂ ਹਨ ਪਰ ਨਾ ਤਾਂ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਹੈ ਅਤੇ ਨਾ ਹੀ ਕਲਾਸਾਂ ਲੱਗ ਰਹੀਆਂ ਹਨ; ਉਹਨਾਂ ਨੂੰ ਵੀਜ਼ਾ ਤੇ ਕਲਾਸਾਂ ਸਬੰਧੀ ਕੋਈ ਸਕਾਰਾਤਮਕ ਫੈਸਲਾਂ ਦਿੱਤਾ ਜਾਵੇ, ਭਾਰਤ ਵਿਚਲੇ ਵੱਖ-ਵੱਖ ਏਜੰਟ ਵਿਦਿਆਰਥੀਆਂ ਤੋਂ ਲਿਆ ਕਮਿਸ਼ਨ ਵਾਪਸ ਕਰਨ ਆਦਿ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਜਿੱਤ ਤੱਕ ਸੰਘਰਸ਼ ਕਰਨਗੇ।

ਉਹਨਾਂ ਕਿਹਾ ਕਿ ਇਸ ਰੈਲੀ ਉਪਰੰਤ ਕੈਨੇਡਾ ਦੇ ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ, ਮੌਂਟਰੀਅਲ ਦੇ ਮੌਜੂਦਾ ਐੱਮਪੀ ਅਤੇ ਵਿਰੋਧੀ ਧਿਰ ਤੇ ਵੱਖ-ਵੱਖ ਮੰਤਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਰੈਲੀ ਤੋਂ ਬਾਅਦ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ੍ਹੀਆਂ ਜਾਂਦੀਆਂ ਤਾਂ ਉਹ ਕੈਨੇਡਾ ਦੇ ਬਾਕੀ ਦੇ ਸੂਬਿਆਂ ਵਿੱਚ ਵਿਦਿਆਰਥੀ ਸੰਘਰਸ਼ ਨੂੰ ਲਾਮਬੰਦ ਕਰਨ ਲਈ ਮਜ਼ਬੂਰ ਹੋਣਗੇ।

ਇਸ ਮੌਕੇ ਜੱਥੇਬੰਦੀ ਵੱਲੋਂ 3 ਫਰਵਰੀ ਨੂੰ ਮੌਂਟਰੀਅਲ ਸ਼ਹਿਰ ਵਿੱਚ ਕਾਰ ਮਾਰਚ ਦੇ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਲਸਾਲ ਦੀ ਕਮੇਟੀ ਅਤੇ ਪ੍ਰਧਾਨ ਹਰਜੀਤ ਸਿੰਘ ਬਾਜਵਾ ਨੇ ਵਿਦਿਆਰਥੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION