ਮੋਹਾਲੀ ਦਫ਼ਤਰ ਵਿਚ ਗੋਲੀ ਮਾਰ ਕੇ ਕਤਲ ਕੀਤੀ ਗਈ ਨੇਹਾ ਸ਼ੋਰੀ ਦੇ ਪਰਿਵਾਰ ਨੂੰ 31 ਲੱਖ ਰੁਪਏ ਮਿਲਣਗੇ: ਕੈਬਨਿਟ ਦਾ ਫ਼ੈਸਲਾ

ਸੁਲਤਾਨਪੁਰ ਲੋਧੀ, 10 ਸਤੰਬਰ, 2019:
ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਮਿ੍ਰਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਲਾਈਸੈਂਸਿੰਗ ਅਥਾਰਟੀ ਮੋਹਾਲੀ ਵਜੋਂ ਤਾਇਨਾਤ ਸੀ ਜਿਸ ਦੀ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਲਿਆ ਤਾਂ ਕਿ ਮਿ੍ਰਤਕ ਅਧਿਕਾਰੀ ਦੇ ਪਰਿਵਾਰ ਨੂੰ ਦਰਪੇਸ਼ ਵਿੱਤੀ ਔਕੜਾਂ ਦੂਰ ਕੀਤੀਆਂ ਜਾ ਸਕਣ।

ਮੰਤਰੀ ਮੰਡਲ ਨੇ ਇਹ ਮਹਿਸੂਸ ਕੀਤਾ ਕਿ ਨੇਹਾ ਸ਼ੋਰੀ ਨੇ ਆਪਣੀ ਡਿਊਟੀ ਨਿਧੜਕ ਹੋ ਕੇ ਸਮਰਪਿਤ ਭਾਵਨਾ ਤੇ ਮਿਹਨਤ ਨਾਲ ਨਿਭਾਈ। ਇਸ ਕਰਕੇ ਉਸ ਦੇ ਪਰਿਵਾਰ ਨੂੰ ਵਿੱਤੀ ਲਾਭ ਦੇਣ ਲਈ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਇਨਾਂ ਵਿੱਤੀ ਲਾਭਾਂ ਵਿੱਚ ਐਕਸ ਗ੍ਰੇਸ਼ੀਆ ਦੇ 20 ਲੱਖ ਰੁਪਏ, ਜੀ.ਆਈ.ਐਸ. ਦੀ ਬੱਚਤ ਰਾਸ਼ੀ 0.09 ਲੱਖ ਰੁਪਏ ਤੋਂ ਇਲਾਵਾ ਡੈੱਥ-ਕਮ-ਰਿਟਾਇਰਮੈਂਟ ਗ੍ਰੈਚਿਊਟੀ ਦੇ 6.99 ਲੱਖ ਰੁਪਏ, ਲੀਵ ਇਨਕੈਸ਼ਮੈਂਟ ਦੇ 3.28 ਲੱਖ ਰੁਪਏ ਅਤੇ ਜੀ.ਆਈ.ਐਸ. ਦੇ 0.60 ਲੱਖ ਰੁਪਏ ਸ਼ਾਮਲ ਹਨ।

ਨੇਹਾ ਸ਼ੋਰੀ ਸਾਲ 2007 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਡਰੱਗ ਇੰਸਪੈਕਟਰ ਚੁਣੀ ਗਈ ਸੀ। ਉਸ ਨੇ ਅਕਤੂਬਰ, 2007 ਵਿੱਚ ਰੋਪੜ ਜ਼ਿਲੇ ਵਿੱਚ ਡਿਊਟੀ ਜੁਆਇਨ ਕੀਤੀ ਅਤੇ ਸਾਲ 2013 ਵਿੱਚ ਵਿਭਾਗ ਨੇ ਉਸ ਨੂੰ ਜ਼ਿਲਾ ਜ਼ੋਨਲ ਲਾਇਸੈਂਸਿੰਗ ਅਥਾਰਟੀ ਦੀ ਜ਼ਿੰਮੇਵਾਰੀ ਦਿੱਤੀ। 29 ਮਾਰਚ, 2019 ਨੂੰ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

Share News / Article

Yes Punjab - TOP STORIES