ਮੋਹਨ ਲਾਲ ਫਿਲੌਰੀਆ ਅਤੇ ਹਰਫੂਲ ਸਿੰਘ ਨੂੰ ਮਿਲਿਆ ‘ਕੇਵਲ ਵਿੱਗ ਐਵਾਰਡ’

ਜਲੰਧਰ, 5 ਦਸੰਬਰ, 2019:

ਉੱਘੇ ਲੇਖਕ ਸ੍ਰੀ ਮੋਹਨ ਲਾਲ ਫਿਲੌਰੀਆ ਅਤੇ ਪ੍ਰਮੁੱਖ ਸ਼ਾਇਰ ਸ੍ਰ. ਹਰਫੂਲ ਸਿੰਘ ਨੂੰ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਆਯੋਜਿਤ ਸਮਾਗਮ ਦੌਰਾਨ ‘ਕੇਵਲ ਵਿੱਗ ਐਵਾਰਡ-2019’ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸ਼ੁਭ ਆਰੰਭ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।

ਕੇਵਲ ਵਿੱਗ ਫਾਊਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਸਮਾਗਮ ਵਿਚ ਪੁੱਜੇ ਸਭ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਵਰ੍ਹੇ ਦਾ ਐਵਾਰਡ ਪੰਜਾਬੀ ਕਹਾਣੀ ਦੇ ਸੁਹਿਰਦ ਹਸਤਾਖਰ ਸ੍ਰੀ ਮੋਹਨ ਲਾਲ ਫਿਲੌਰੀਆ ਨੂੰ ਬਤੌਰ ਸਰਵੋਤਮ ਲੇਖਕ ਅਤੇ ਪ੍ਰਮੁੱਖ ਸ਼ਾਇਰ ਸ੍ਰ. ਹਰਫੂਲ ਸਿੰਘ ਨੂੰ ਬਤੌਰ ਸਰਵੋਤਮ ਸ਼ਾਇਰ ਇਹ ਐਵਾਰਡ ਪ੍ਰਦਾਨ ਕੀਤੇ ਗਏ।

ਬੁਲਾਰਿਆਂ ਨੇ ਮੋਹਨ ਲਾਲ ਫਿਲੌਰੀਆ ਨੂੰ ਅਗਾਂਹਵਧੂ ਅਤੇ ਪ੍ਰਗਤੀਸ਼ੀਲ ਤੇ ਵੇਦਨਾਯੁਕਤ ਕਹਾਣੀਕਾਰ ਦੱਸਦਿਆਂ ਕਿਹਾ ਕਿ ਉਹ ਦੱਬੇ, ਕੁਚਲੇ, ਲਤਾੜੇ ਅਤੇ ਮਿਹਨਤਕਸ਼ ਲੋਕਾਂ ਦੀ ਆਵਾਜ਼ ਬਣੇ ਹੋਏ ਹਨ। ਆਪਣੀਆਂ ਪੁਸਤਕਾਂ ‘ਸੰਦਲੀ ਪੈੜਾਂ ਦਾ ਸਫ਼ਰ’ ਆਪਣੇ ‘ਕੁਤਰੇ ਪਰਾਂ ਦੀ ਪਰਵਾਜ਼’ ਨਾਲ ਭਰਨ ਵਾਲੇ ਸ਼ਾਇਰ ਸ੍ਰ. ਹਰਫੂਲ ਸਿੰਘ ਦੀਆਂ ਪ੍ਰਸਿੱਧ ਰਚਨਾਵਾਂ ਨੂੰ ਪੰਮੀ ਹੰਸਪਾਲ ਅਤੇ ਸੁਰਿੰਦਰ ਗੁਲਸ਼ਨ ਨੇ ਗਾ ਕੇ ਹਾਜ਼ਰੀ ਨੂੰ ਮੰਤਰਮੁਗਧ ਕਰ ਦਿੱਤਾ।

ਕਾਮੇਡੀਅਨ ਡਿਪਟੀ ਰਾਜਾ, ਗਾਇਕਾ ਹਰਵਿੰਦਰ ਬਿੰਦੂ ਅਤੇ ਗਾਇਕ ਬਲਵਿੰਦਰ ਦਿਲਦਾਰ ਨੇ ਆਪਣੀ ਹਾਜ਼ਰੀ ਲਗਵਾਈ। ਪ੍ਰੋ. ਦਵਿੰਦਰ ਮੰਡ ਅਤੇ ਪ੍ਰੋ. ਕੁਲਵੰਤ ਔਜਲਾ ਨੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ।

ਮੁੱਖ ਮਹਿਮਾਨ ਸ੍ਰ. ਇਕਬਾਲ ਪ੍ਰੀਤ ਸਿੰਘ ਸਹੋਤਾ, ਆਈ.ਪੀ.ਐਸ. (ਡੀ.ਜੀ.ਪੀ. ਆਰਮਡ ਬਟਾਲੀਅਨਜ਼ ਪੰਜਾਬ) ਨੇ ਸ਼੍ਰੀ ਕੇਵਲ ਵਿੱਗ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਲੇਖਕਾਂ ਅਤੇ ਸਾਹਿਤਕਾਰਾਂ ਦਾ ਆਦਰਸ਼ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ, ਉਹਨਾਂ ਨੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ।

ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. (ਏ.ਡੀ.ਸੀ. ਜਲੰਧਰ), ਸ੍ਰੀ ਰਮੇਸ਼ ਚੰਦਰ, (ਅੰਬੈਸਡਰ-ਆਈ.ਐਫ.ਐਸ.-ਰਿਟਾ.), ਸ੍ਰੀ ਬੀ.ਕੇ. ਵਿਰਦੀ (ਜਾਇੰਟ ਡਾਇਰੈਕਟਰ ਜੀ.ਐਸ.ਟੀ.), ਸ੍ਰ. ਚੇਤਨ ਸਿੰਘ (ਡਾਇਰੈਕਟਰ ਭਾਸ਼ਾ ਵਿਭਾਗ, ਰਿਟਾ.), ਸ੍ਰ. ਰਸ਼ਪਾਲ ਸਿੰਘ ਪਾਲ (ਪੰਜਾਬ ਦੇ ਰਫੀ) ਵਿਸ਼ੇਸ਼ ਸਤਿਕਾਰਿਤ ਮਹਿਮਾਨ ਦੇ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਸਨ, ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ’ਤੇ ਸਵਰਗੀ ਸ੍ਰੀ ਕੇਵਲ ਵਿੱਗ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਦੀ 27ਵÄ ਬਰਸੀ ’ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਸਮਾਗਮ ਵਿਚ ਸ਼ਹਿਰ ਦੇ ਪ੍ਰਮੁੱਖ ਪਤਵੰਤੇ, ਬੁੱਧੀਜੀਵੀ, ਲਿਖਾਰੀ, ਵਕੀਲ, ਪੱਤਰਕਾਰ, ਸਿੱਖਿਆ ਸ਼ਾਸਤਰੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧ ਭਾਰੀ ਗਿਣਤੀ ਵਿਚ ਹਾਜ਼ਿਰ ਸਨ। ਗਗਨਦੀਪ ਸੋਂਧੀ ਨੇ ਸਾਹਿਤਕ ਅੰਦਾਜ਼ ਵਿਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।

ਸ਼ਿਵਕੰਵਰ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਵਾਰਡ ਦਾ ਆਪਣਾ ਮੁੱਕਾਮ ਬਣ ਚੁੱਕਿਆ ਹੈ ਅਤੇ ਇਸ ਦੀ ਪਹਿਚਾਣ ਦੇਸ਼ਾਂ-ਵਿਦੇਸ਼ਾਂ ਵਿਚ ਬਣ ਚੁੱਕੀ ਹੈ। ਦੱਸਣਯੋਗ ਹੈ ਪਿਛਲੇ 26 ਸਾਲਾਂ ਵਿੱਚ ਇਸ ਐਵਾਰਡ ਨੇ ਸਾਹਿਤਕ ਜਗਤ ਦੇ ਖੇਤਰ ਵਿੱਚ ਆਪਣੀ ਅਲਗ ਪਹਿਚਾਣ ਸਥਾਪਿਤ ਕੀਤੀ ਹੋਈ ਹੈ ਤੇ ਹੁਣ ਤੱਕ 57 ਪ੍ਰਮੁੁੱਖ ਲਿਖਾਰੀਆਂ ਨੂੰ ਇਹ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Yes Punjab - Top Stories