ਮੋਬਾਇਲ ਖ਼ੋਹਣ ਵਾਲੇ ਲੁਟੇਰੇ ਦਾ ਮੁਕਾਬਲਾ ਕਰਨ ਵਾਲੀ ਦਲੇਰ ਕੁੜੀ ਦਾ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕੀਤਾ ਸਨਮਾਨ

ਲੁਧਿਆਣਾ, 16 ਸਤੰਬਰ, 2019 –

ਆਪਣੀ ਬਹਾਦਰੀ ਨਾਲ ਮੋਬਾਈਲ ਖੋਹਣ ਵਾਲੇ ਲੁਟੇਰੇ ਦਾ ਮੁਕਾਬਲਾ ਕਰਨ ਵਾਲੀ ਬਹਾਦਰੀ ਲੜਕੀ ਹਰਜਿੰਦਰ ਕੌਰ ਨੂੰ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਦੱਸਣਯੋਗ ਹੈ ਕਿ ਮਿਤੀ 14 ਸਤੰਬਰ ਨੂੰ ਦੁਪਹਿਰ ਵੇਲੇ ਹਰਜਿੰਦਰ ਕੌਰ ਪੁੱਤਰੀ ਸ੍ਰ. ਬਲਵੰਤ ਸਿੰਘ ਵਾਸੀ ਮਕਾਨ ਨੰਬਰ 42, ਗਲੀ ਨੰਬਰ-1, ਰਮਨਦੀਪ ਕਲੋਨੀ ਮੁੰਡੀਆਂ ਕਲਾਂ ਲੁਧਿਆਣਾ ਆਪਣੀ ਮਾਤਾ ਦੇ ਨਾਲ ਪੈਦਲ ਜਾ ਰਹੀ ਸੀ ਕਿ ਨਾਮਲੂਮ ਮੋਟਰਸਾਈਕਲ ਸਵਾਰ ਚਾਲਕ ਵੱਲੋਂ ਉਸਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਲੜਕੀ ਨੇ ਬੜੀ ਬਹਾਦਰੀ ਨਾਲ ਮੋਬਾਈਲ ਖੋਹਣ ਵਾਲੇ ਵਿਅਕਤੀ ਦੇ ਮੋਟਰਸਾਈਕਲ ਨੂੰ ਪਿੱਛੋਂ ਫੜ ਲਿਆ, ਜੋ ਉਸ ਲੜਕੀ ਨੂੰ ਕੁਝ ਦੂਰੀ ਤੱਕ ਘਸੀਟਦਾ ਹੋਇਆ ਲੈ ਗਿਆ। ਪਰ ਲੜਕੀ ਨੇ ਆਪਣਾ ਹੌਂਸਲਾ ਨਹੀਂ ਛੱਡਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦਾ ਤਵਾਜ਼ਨ ਵਿਗੜ ਗਿਆ ਅਤੇ ਉਹ ਡਿੱਗ ਪਿਆ।

ਉਕਤ ਘਟਨਾ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲੜਕੀ ਦੀ ਬੇਮਿਸਾਲ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਉਸਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਲੜਕੀ ਦੀ ਮਾਤਾ ਵੀ ਹਾਜ਼ਰ ਸਨ।

ਇਸ ਮੌਕੇ ਲੜਕੀ ਦੀ ਬਹਾਦਰੀ ਦੀ ਪ੍ਰਸੰਸ਼ਾ ਕਰਦਿਆਂ ਸ੍ਰੀ ਅਗਰਵਾਲ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਕਰਨ।

Share News / Article

Yes Punjab - TOP STORIES