‘ਮੋਦੀ ਹੈ ਤਾਂ ਮੁਮਕਿਨ’ ਹੈ ਕਿਹਾ ਜਿਸ ਨੇ, ਮਹਾਰਾਸ਼ਟਰ ਦੇ ਅੰਦਰ ਗਿਆ ਹਾਰ ਬੇਲੀ

ਅੱਜ-ਨਾਮਾ

‘ਮੋਦੀ ਹੈ ਤਾਂ ਮੁਮਕਿਨ’ ਹੈ ਕਿਹਾ ਜਿਸ ਨੇ,
ਮਹਾਰਾਸ਼ਟਰ ਦੇ ਅੰਦਰ ਗਿਆ ਹਾਰ ਬੇਲੀ।

ਅੱਧੀ ਰਾਤੀਂ ਬਣਵਾਈ ਉਸ ਰਾਜ ਦੇ ਵਿੱਚ,
ਦਿਨ ਤਾਂ ਤਿੰਨ ਨਹੀਂ ਟਿਕੀ ਸਰਕਾਰ ਬੇਲੀ।

ਵੇਖੀ ਗੱਲ ਨਹੀਂ ਸਿਰੇ ਜਦ ਚੜ੍ਹਨ ਵਾਲੀ,
ਲਹਿ ਗਿਆ ਸੱਤਾ ਦਾ ਝੱਟ ਖੁਮਾਰ ਬੇਲੀ।

ਛੱਡਣੀ ਪਈ ਸਰਕਾਰ ਤਾਂ ਪਿਆ ਕਹਿਣਾ,
ਕੁਰਸੀ ਨਾਲ ਨਹੀਂ ਬਹੁਤਾ ਪਿਆਰ ਬੇਲੀ।

ਲੱਡੂ ਵੰਡੇ ਚਲਾਈਆਂ ਕਈ ਫੁੱਲਝੜੀਆਂ,
ਰਹਿ ਗਏ ਚਾਅ ਸਭ ਧਰੇ ਦੇ ਧਰੇ ਬੇਲੀ।

ਅਜੀਤ ਪਵਾਰ ਵੀ ਚਾਚੇ ਦੇ ਪਿਆ ਪੈਰੀਂ,
ਆ ਗਿਆ ਲੌਟ ਕੇ ਬੁੱਧੂ ਉਹ ਘਰੇ ਬੇਲੀ।

-ਤੀਸ ਮਾਰ ਖਾਂ

27 ਨਵੰਬਰ, 2019

Share News / Article

YP Headlines