ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਦੇ ਜ਼ਿਲਾ ਪੱਧਰੀ ਧਰਨੇ ਸੁੱਕਰਵਾਰ ਨੂੰ

ਚੰਡੀਗੜ, 14 ਨਵੰਬਰ, 2019:
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਸਾਰੇ ਜ਼ਿਲਾ ਸਦਰ ਮੁਕਾਮਾਂ ਤੇ ਸੁੱਕਰਵਾਰ ਨੂੰ ਧਰਨੇ ਦਿੱਤੇ ਜਾ ਰਹੇ ਹਨ ਤਾਂ ਜੋ ਲੋਕ ਕਚਹਿਰੀ ਵਿਚ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਖੁਲਾਸਾ ਕੀਤਾ ਜਾ ਸਕੇ।

ਇਹ ਜਾਣਕਾਰੀ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਿੱਤੀ। ਉਨਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਸਭ ਤੋਂ ਬੁਰੇ ਦੌਰ ਵਿਚੋਂ ਗੁਜਰ ਰਹੀ ਹੈ। ਦੇਸ਼ ਦੀ ਵਿਕਾਸ ਦਰ ਦੇ ਹੋਰ ਥੱਲੇ ਆਉਣ ਦੇ ਅੰਦਾਜੇ ਲੱਗ ਰਹੇ ਹਨ।

ਬੇਰੋਜਗਾਰੀ ਲਗਾਤਾਰ ਵੱਧ ਰਹੀ ਹੈ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਦੇਸ਼ ਵਿਚ ਇਸ ਸਮੇਂ ਬੇਰੋਜਗਾਰੀ ਦੀ ਦਰ 8.1 ਫੀਸਦੀ ਤੋਂ ਪਾਰ ਜਾ ਚੁੱਕੀ ਹੈ। ਹਰ ਸੈਕਟਰ ਵਿਚ ਮੰਦੀ ਦਾ ਅਸਰ ਹੈ। ਵਪਾਰ ਚੌਪਟ ਹੋ ਚੁੱਕਾ ਹੈ। ਉਦਯੋਗ ਬੰਦ ਹੋ ਰਹੇ ਹਨ। ਕਿਸਾਨ ਕਰਜਾਈ ਹੋ ਰਹੇ ਹਨ।

ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ ਹਨ। ਬੈਂਕਾਂ ਕੰਗਾਲ ਹੋ ਰਹੀਆਂ ਹਨ। ਧਨਾਢ ਲੋਕ ਬੈਂਕਾਂ ਤੋਂ ਪੈਸੇ ਲੈ ਕੇ ਵਿਦੇਸ਼ ਭੱਜ ਰਹੇ ਹਨ। ਜਦ ਕਿ ਅਜਿਹੇ ਸੰਕਟਕਾਲੀਨ ਸਮੇਂ ਵਿਚ ਕੇਂਦਰ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ ਜਿਸ ਨਾਲ ਦੇਸ਼ ਨੂੰ ਮੰਦੀ ਵਿਚੋਂ ਉਭਾਰਿਆ ਜਾ ਸਕੇ।

ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਦੀ ਸਰਕਾਰ ਇਕ ਤੋਂ ਬਾਅਦ ਇਕ ਗਲਤ ਫੈਸਲੇ ਕਰ ਰਹੀ ਹੈ। ਜਿਸ ਕਾਰਨ ਦੇਸ਼ ਦੇ ਅਵਾਮ ਤੇ ਇਸਦਾ ਮਾੜਾ ਅਸਰ ਹੋ ਰਿਹਾ ਹੈ। ਕੀਮਤਾਂ ਵੱਧ ਰਹੀਆਂ ਹਨ। ਰੋਜਗਾਰ ਘੱਟ ਰਹੇ ਹਨ। ਮੁਲਾਜਮਾਂ ਦੀ ਛਾਂਟੀ ਹੋ ਰਹੀ ਹੈ। ਜਦ ਕਿ ਮੋਦੀ ਸਰਕਾਰ ਇੰਨਾਂ ਸਥਿਤੀਆਂ ਵਿਚ ਸੁਧਾਰ ਲਈ ਕੁਝ ਨਹੀਂ ਕਰ ਰਹੀ ਹੈ।

ਇਸੇ ਲਈ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲੀ ਨਵੰਬਰ ਤੋਂ ਇਕ ਪ੍ਰੋਗਰਾਮ ਉਲੀਕਿਆ ਸੀ। ਉਨਾਂ ਨੇ ਕਿਹਾ ਕਿ ਪਹਿਲਾਂ ਇਹ ਪ੍ਰੋਗਰਾਮ 15 ਨਵੰਬਰ ਤੱਕ ਚੱਲਣਾ ਸੀ ਪਰ ਹੁਣ ਇਸ ਮੁਹਿੰਮ ਨੂੰ 25 ਨਵੰਬਰ ਤੱਕ ਵਧਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਬੰਧੀ ਦੱਸਿਆ ਜਾ ਸਕੇ।

ਸ੍ਰੀ ਜਾਖੜ ਨੇ ਕਿਹਾ ਕਿ ਇਸੇ ਤਹਿਤ 15 ਨਵੰਬਰ ਨੂੰ ਸਾਰੇ ਜ਼ਿਲਿਆਂ ਵਿਚ ਪਾਰਟੀ ਵੱਲੋਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਧਰਨੇ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਫੈਸਲੇ ਬੰਦ ਕਰਨ ਲਈ ਇਸਤੇ ਦਬਾਅ ਬਣਾ ਕੇ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ।

ਉਨਾਂ ਆਪਣੇ ਸਮੂਹ ਪਾਰਟੀ ਕੇਡਰ ਨੂੰ ਅਪੀਲ ਕੀਤੀ ਕਿ ਉਹ 15 ਨਵੰਬਰ ਨੂੰ ਜ਼ਿਲਾ ਪੱਧਰੀ ਧਰਨਿਆਂ ਵਿਚ ਪੁੱਜੇ ਤਾਂ ਜੋ ਮੋਦੀ ਸਰਕਾਰ ਨੂੰ ਗਲਤ ਫੈਸਲੇ ਲੈਣ ਤੋਂ ਰੋਕਿਆ ਜਾ ਸਕੇ। ਸ੍ਰੀ ਜਾਖੜ ਨੇ ਕਿਹਾ ਕਿ ਉਹ ਖੁਦ ਲੁਧਿਆਣਾ ਵਿਖੇ ਲੱਗਾਏ ਜਾਣ ਵਾਲੇ ਧਰਨੇ ਵਿਚ ਸ਼ਿਰਕਤ ਕਰਣਗੇ।

Share News / Article

YP Headlines

Loading...