ਮੋਤੀ ਮਹਿਲ ਵੱਲ ਮਾਰਚ ਮੁਲਤਵੀ – ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਪੱਕਾ ਮੋਰਚਾ ਤੀਜੇ ਦਿਨ ’ਚ ਦਾਖ਼ਲ

ਪਟਿਆਲਾ, 22 ਸਤੰਬਰ, 2019:

ਬਹੁ-ਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਘੋਲ ਦੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਚੱਲ ਰਿਹਾ ਪੱਕਾ ਮੋਰਚਾ ਤੀਜੇ ਦਿਨ ’ਚ ਦਾਖ਼ਲ ਹੋ ਗਿਆ। ਦਹਿ ਹਜ਼ਾਰਾਂ ਦੀ ਤਾਦਾਦ ’ਚ ਇਕੱਤਰ ਹੋਏ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ ਨੇ ਅੱਜ ਆਪਣੇ ਕੀਤੇ ਐਲਾਨ ਅਨੁਸਾਰ ਪੁਲਿਸ ਦੀਆਂ ਰੋਕਾਂ ਤੋੜਕੇ ਮੋਤੀ ਮਹਿਲ ਵੱਲ ਰਵਾਨਾ ਹੋਣਾ ਸੀ|

ਪਰ ਐੱਸਡੀਐੱਮ ਪਟਿਆਲਾ ਵੱਲੋਂ ਮੋਰਚੇ ਦੀ ਸਟੇਜ ’ਤੇ ਆਕੇ ਸੰਘਰਸ਼ ਕਮੇਟੀ ਦੀ ਪੰਜਾਬ ਸਰਕਾਰ ਨਾਲ 26 ਸਤੰਬਰ ਦੀ ਮੀਟਿੰਗ ਤੈਅ ਹੋਣ ਦਾ ਐਲਾਨ ਕਰਨ ਤੋਂ ਬਾਅਦ ਸੰਘਰਸ਼ ਕਮੇਟੀ ਨੇ ਮਾਰਚ ਮੁਲਤਵੀ ਕਰਨ ਪਰ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਹੋਣ ਤੱਕ ਪੱਕਾ ਮੋਰਚਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਜਿਸ ਨੂੰ ਦਹਿ-ਹਜ਼ਾਰਾਂ ਲੋਕਾਂ ਦੇ ਇਕੱਠ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

ਨਵੀਂ ਬਣੀ ਵਿਸ਼ੇਸ਼ ਹਾਲਤ ਦੇ ਸੰਦਰਭ ਵਿੱਚ ਸੰਘਰਸ਼ ਕਮੇਟੀ 23 ਸਤੰਬਰ ਨੂੰ 11 ਵਜੇ ਪੱਕੇ ਮੋਰਚੇ ਦੇ ਪੰਡਾਲ ‘’ਚ ਆਪਣੀ ਹੰਗਾਮੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰੇਗੀ।

ਸਭਨਾਂ ਸ਼ਾਮਲ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ। ਵਰਨਣਯੋਗ ਹੈ ਕਿ ਪੁਲਿਸ-ਸਿਆਸੀ ਗੱਠਜੋੜ ਵੱਲੋਂ ਸਾਜਿਸ਼ ਰਚਕੇ ਝੂਠੇ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਕੀਤੇ ਮਨਜੀਤ ਧਨੇਰ ਦੇ ਬੇਗੁਨਾਹ ਹੋਣ ਸਬੰਧੀ ਸੱਚ ਨੂੰ ਦਰਕਿਨਾਰ ਕਰਦਿਆਂ ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਉਮਰਕੈਦ ਸਜ਼ਾ ਨੂੰ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਹੁਣ 3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ ਦੇ ਵਿਰੁੱਧ ਅਸਮਾਨੀ ਛੂੰਹਦੇ ਗੁੱਸੇ ਦੇ ਅੰਗਿਆਰ ਛੱਡਦਾ ਹੋਇਆ ਲੋਕਾਂ ਦਾ ਕਾਫ਼ਲਾ, ਸ਼ਾਹੀ ਸ਼ਹਿਰ ਵਿੱਚ ਭਲੇ ਹੀ ਸ਼ਾਮਲ ਨਾ ਹੋਇਆ ਪਰ ਪੰਡਾਲ ਦੇ ਵਿੱਚੋਂ ਉੱਠਦੀ ਰੋਹਲੀ ਗਰਜ ਮੋਤੀ ਮਹਿਲ ਨੂੰ ਕੰਬਣੀਆਂ ਛੇੜਦੀ ਰਹੀ। ਬੁਲਾਰਿਆਂ ਨੇ ਕਿਹਾ ਕਿ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਅਦਾਲਤਾਂ ਇਨਸਾਫ਼ ਨਹੀਂ ਫੈਸਲੇ ਕਰਦੀਆਂ ਹਨ। ਅਦਾਲਤਾਂ ਬੇਦੋਸ਼ਿਆਂ ਨੂੰ ਸ਼ਜਾਵਾਂ ਅਤੇ ਬਲਾਤਕਾਰੀ ਕਾਤਲਾਂ ਨੂੰ ਹਕੂਮਤੀ ਗੱਦੀ ਨਾਲ ਨਿਵਾਜਦੀਆਂ ਹਨ।

ਇਸ ਕਰਕੇ ਅੱਜ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ 30% ਤੋਂ ਨੁਮਾਇੰਦਿਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਹਨ। ਇਸ ਕਾਫ਼ਲੇ ਵੱਲੋਂ ਲਾਏ ਲੋਕ-ਆਗੂ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ – ਰੱਦ ਕਰੋ, ਲੋਕ ਘੋਲ ਨੀਂ ਥੰਮਣਗੇ- ਘਰ ਘਰ ਯੋਧੇ ਜੰਮਣਗੇ ਅਤੇ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਮੁਰਦਾਬਾਦ ਦੇ ਨਾਹਰੇ ਸ਼ਾਹੀ ਮਹਿਲਾਂ ਨਾਲ ਟਕਰਾਉਂਦੇ ਹਾਕਮਾਂ ਦੇ ਢਿੱਡੀਂ ਹੌਲ ਪਾਉਂਦੇ ਰਹੇ।

ਅੱਜ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ, ਗੁਰਬਿੰਦਰ ਸਿੰਘ ਕਲਾਲਾ, ਕੰਵਲਜੀਤ ਖੰਨਾ, ਜਰਮਨਜੀਤ, ਦਵਿੰਦਰ ਪੂੰਨੀਆ ਆਗੂਆਂ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਸੁਣਾਈ ਨਿਹੱਕੀ ਉਮਰਕੈਦ ਸਜ਼ਾ ਨੂੰ ਚੁਣੌਤੀ ਵਜੋਂ ਲੈਂਦਿਆਂ ਚੱਲ ਰਹੇ ਪੱਕੇ ਮੋਰਚੇ ਦਾ ਘੇਰਾ ਲਗਾਤਾਰ ਹੋਰ ਵਿਸ਼ਾਲ ਕਰਦਿਆਂ ਹੋਰ ਤੇਜ਼ ਕਰਦਿਆਂ ਲਗਾਤਾਰ ਜਾਰੀ ਰੱਖਿਆ ਜਾਵੇਗਾ।

ਹਾਕਮਾਂ ਨੂੰ ਔਰਤ ਹੱਕਾਂ ਸਮੇਤ ਕੇਂਦਰੀ ਅਤੇ ਸੁਬਾਈ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦਾ ਦਹਾਕਿਆਂ-ਬੱਧੀ ਸਮੇਂ ਤੋਂ ਅਗਵਾਈ ਕਰਨ ਵਾਲੇ ਵਿਚਾਰ ਨੂੰ ਸਜ਼ਾ ਹੈ। ਇਹ ਸੱਚ ਨੂੰ ਫ਼ਾਂਸੀ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਾਕਮਾਂ ਨੇ ਭਾਵੇਂ ਹਮੇਸ਼ਾਂ ਸੱਚ ਦੀ ਆਵਾਜ ਨੂੰ ਖ਼ੂਨ ’ਚ ਡੁਬੋਣਾ ਲੋਚਿਆ ਹੈ। ਪਰ ਲੋਕਾਂ ਨੇ ਆਪਣਾ ਇਤਿਹਾਸ ਸਿਰਜਿਆ ਹੈ ਕਿ ਹਰ ਜ਼ਬਰ-ਜ਼ੁਲਮ ਦੀ ਟੱਕਰ ’ਚ ਸੰਘਰਸ਼ ਅਸਾਡਾ ਨਾਹਰਾ ਹੈ ਤੇ ਇਹ ਨਾਹਰਾ ਹੋਰ ਵੱਧ ਜ਼ੋਰ ਨਾਲ ਹਾਕਮਾਂ ਦੇ ਢਿੱਡੀਂ ਹੌਲ ਪਾਉਂਦਾ ਆ ਰਿਹਾ ਹੈ।

ਇਹੀ ਇਤਿਹਾਸ ਅੱਜ ਪੰਜਾਬ ਦੀ ਅਣਖੀਲੀ ਮਿੱਟੀ ਦੁਹਰਾ ਰਹੀ ਹੈ ਕਿ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਨੂੰ ਵਡੇਰੀ ਚੁਣੌਤੀ ਵਜੋਂ ਕਬੂਲ ਕਰਦਿਆਂ ਪੂਰੀ ਸੋਚ ਵਿਚਾਰ ਕਰਨ ਤੋਂ ਬਾਅਦ ਸਿਫ਼ਤੀ ਸਾਂਝਾ ਜਨਤਕ ਜਮਹੂਰੀ ਜਥੇਬੰਦੀਆਂ ਆਧਾਰਤ ਸੰਘਰਸ਼ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸੰਘਰਸ਼ ਪੁਲਿਸ ਜ਼ਬਰ-ਤਸ਼ੱਦਦ ਦੇ ਬਾਵਜੂਦ ਵੀ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਅੱਗੇ ਵਧਦਾ ਜਾਵੇਗਾ।

Share News / Article

Yes Punjab - TOP STORIES