ਮੈਂ ਕਦੇ ਵੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਸਵਾਗਤ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਬਿਆਨ ਝੂਠ ਦਾ ਪਲੰਦਾ: ਬੀਰ ਦਵਿੰਦਰ ਸਿੰਘ

ਪਟਿਆਲਾ, 3 ਜਨਵਰੀ 2020:

ਪੰਜਾਬੀ ਦੇ ਜੱਗ ਬਾਣੀ ਅਖ਼ਬਾਰ ਦੇ ਅੱਜ ਦੇ ‘ਪਟਿਆਲਾ ਬਾਣੀ’ ਵਿੱਚ ਮੇਰੇ ਵਿਰੁੱਧ ਛਪਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ ਅਤੇ ਜਰਨੈਲ ਸਿੰਘ ਕਰਤਾਰਪੁਰ ਦਾ ਬਿਆਨ ਨਿਰਾ ਝੂਠ ਦਾ ਪਲੰਦਾ ਹੈ।ਮੈਂ ਕਦੇ ਵੀ ਦਰਬਾਰ ਸਾਹਿਬ ਕੰਮਪਲੈਕਸ ਅੰਦਰ 1984 ਵਿੱਚ ਹੋਈ ਫੌਜੀ ਕਾਰਵਾਈ ਦਾ ਸਵਾਗਤ ਨਹੀਂ ਕੀਤਾ।

ਇਹ ਠੀਕ ਹੈ ਕਿ ਮੈਂ 1980 ਤੋੰ 1985 ਤੱਕ ਵਿਧਾਨ ਸਭਾ ਹਲਕਾ ਸਰਹੰਦ ਤੋਂ ਕਾਂਗਰਸ ਪਾਰਟੀ ਵੱਲੋਂ ਐਮ. ਐਲ. ਏ ਚੁਣਿਆ ਗਿਆ ਸੀ ਅਤੇ ਉਸ ਤੋਂ ਪਿੱਛੋਂ ਵੀ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਵੱਲੋਂ ਐਮ. ਐਲ. ਏ ਚੁਣਿਆ ਗਿਆ ਸੀ।

ਪਰ ਇਨ੍ਹਾਂ ਮੈਂਬਰਾਂ ਨੂੰ ਇਹ ਪਤਾ ਹੋਣਾਂ ਚਾਹੀਦਾ ਹੈ ਕਿ ਜਿਸ ਅਕਾਲੀ ਲੀਡਰ ਦੇ ਆਖਿਆਂ ਉਨ੍ਹਾਂ ਨੇ ਮੇਰੇ ਵਿਰੁੱਧ ਬਿਆਨ ਦਿੱਤਾ ਹੈ ਉਹ ਲੀਡਰ ਕਾਂਗਰਸ ਪਾਰਟੀ ਪਾਸੋਂ, ਹਰ ਮਹੀਨੇ ਦੀ ਪਹਿਲੀ ਤਰੀਕ ਨੂੰ, ਬਾਦਲਾਂ ਵਿਰੁੱਧ ਬਿਆਨ ਦੇਣ ਲਈ 10 ਲੱਖ ਰੁਪਏ ਪ੍ਰਤੀ ਮਹੀਨਾ ਕਾਂਗਰਸ ਪਾਰਟੀ ਤੋਂ ਲੈਦਾ ਰਿਹਾ ਹੈ।

ਇੱਕ ਵਾਰ ਤਾਂ ਇਹ ਅਦਾਇਗੀ ਮੇਰੇ ਬੈਠਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਵਾ ਕੇ, ਦਿੱਲੀ ਦੇ ਪੰਜ ਤਾਰਾ ਹੋਟਲ ਸ਼ੇਰੇਟਨ ਮੋਰੀਆ ਵਿੱਚ ਮੰਗਵਾ ਕੇ ਦਿੱਤੇ ਸਨ। ਇਹ ਇੰਕਸ਼ਾਫ਼ ਮੇਰੇ ਪਾਸ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੀ ਕੀਤਾ ਸੀ, ਕਿ ਇਹ ਆਦਮੀ ਪਤਾ ਨਹੀਂ ਕਿੱਥੋਂ ਪਤਾ ਕਰ ਲੈਂਦਾ ਹੈ ਕਿ ਮੈਂ ਹਰ ਮਹੀਨੇ ਦੀ ਇੱਕ ਤਰੀਕ ਨੂੰ ਕਿੱਥੇ ਹੋਵਾਂਗਾ, ਇਹ ਉੱਥੇ ਹੀ ਆ ਟਪਕਦਾ ਹੈ।

ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਸੀ ਕਿ ਇਸਨੂੰ ਇਹ ਅਦਾਇਗੀ ਹਰ ਮਹੀਨੇ ਕਿਉਂ ਕੀਤੀ ਜਾਂਦੀ ਹੈ ? ਤਾਂ ਕੈਪਟਨ ਦਾ ਉੱਤਰ ਸੀ ਕਿ ਬਾਦਲਾਂ ਨੂੰ ਗਾਲ੍ਹਾਂ ਕਢਵਾਊਂਣ ਲਈ ਦਿੰਦੇ ਹਾ ਪਰ ਬੰਦਾ ਬੜਾ ਬੇਸ਼ਰਮ ਹੈ, ।ਪਹਿਲੀ ਤਰੀਕ ਨੂੰ ਮੈਂ ਜਿੱਥੇ ਵੀ ਹੋਵਾਂ, ਇਹ ਪਤਾ ਕਰਕੇ ਓਥੇ ਹੀ ਪਹੁੰਚ ਜਾਂਦਾ ਹੈ।

ਇਸ ਲੀਡਰ ਨੂੰ ਦਸ ਲੱਖ ਰੁਪਿਆ ਦੇਣ ਲਈ ਅਮਰਿੰਦਰ ਸਿੰਘ ਨੇ ਮੇਰੇ ਸਾਹਮਣੇ ਆਪਣੇ ਇੱਕ ਮਿੱਤਰ ਨੂੰ ਫੂਨ ਕਰਕੇ ਪੈਸੇ ਮੰਗਵਾਏ ਸਨ, ਜੋ ਅਮਰਿੰਦਰ ਸਿੰਘ ਨੇ ਇੱਕ ਵੱਡੇ ਨੌਕਰਸ਼ਾਹ ਰਾਹੀਂ ਇਸ ਨੂੰ ਦਿੱਤੇ ਸਨ।

ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ‘ਭੱਦਰ ਪੁਰਸ਼ਾਂ’ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਚਪਨ ਤੋਂ ਹੀ ਆਪਣੇ ਗੁਰੂ ਦਾ ਨਿਮਾਣਾ ਜਿਹਾ ਸ਼ਰਧਾਵਾਨ ਸਿੱਖ ਹਾਂ, ਮੈਂ ਨਾ ਤਾਂ ਕਦੇ ਕਾਮਰੇਡ ਬਣਕੇ ਨਾਸਤਿਕਤਾ ਦਾ ਪ੍ਰਚਾਰ ਕੀਤਾ ਹੈ ਅਤੇ ਨਾ ਹੀ ਕਦੇ ਮਾਰਕਸਵਾਦ ਦਾ ਪ੍ਰਚਾਰ ਕਰਨ ਲਈ ‘ਧਰਮ’ ਨੂੰ ਅਫ਼ੀਮ ਨਾਲ ਤੁਲਨਾ ਦੇਣ ਲਈ, ਲਾਲ-ਬੁਝੱਕੜ ਬਣਿਆ ਹਾਂ।

ਇਹ ਸਿੱਖ ਕੌਮ ਦੀ ਵੱਡੀ ਤ੍ਰਾਸਦੀ ਹੈ ਕਿ ਕਾਰਲਮਾਰਕਸ ਦੇ ਝੰਡਾਬੁਰਦਾਰ, ਇੱਕ ਸਾਜਿਸ਼ ਅਧੀਨ ‘ਸਿੱਖ ਪੰਥ’ ਦੀਆਂ ਸਫ਼ਾਂ ਵਿੱਚ ਘੁਸਪੈਠ ਕਰਕੇ ਹੁਣ ਸਾਨੂੰ ਧਾਰਮਿਕਤਾ ਅਤੇ ਗੁਰ-ਮਰਿਆਦਾ ਦੇ ਪਾਠ ਪੜ੍ਹਾ ਰਹੇ ਹਨ।

ਮੈਂ ਇਸ ਕੱਟੜ ਕਾਮਰੇਡ ਤੋਂ ਅਕਾਲੀ ਬਣੇ ਲੀਡਰ ਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਕਿਸੇ ਦੁਸ਼ਮਣ ਤੇ ਲੁਕ ਕੇ ਜਾਂ ਛੁਪ ਕੇ ਵਾਰ ਨਹੀਂ ਕੀਤਾ ਅਤੇ ਨਾ ਹੀ ਬੇਗਾਨੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਊਂਣ ਦੀ ਜਾਚ ਸਿੱਖੀ ਹੈ। ਮੈਂ ਆਪਣੀ ਛਾਤੀ ਤੇ ਹੀ ਬੰਦੂਕ ਦਾ ਬੱਟ ਰੱਖ ਕੇ ਫਾਇਰ ਕਰਦਾ ਹਾਂ, ਭੋਡੀਆਂ ਗਊਆਂ ਨੂੰ ਇਸਤੇਮਾਲ ਨਹੀਂ ਕਰਦਾ।

ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਬੰਧੀ ਦਿੱਤੇ ਬਿਆਨ ਤੇ ਪੂਰੀ ਤਰਾਂ ਕਾਇਮ ਹਾਂ ਅਤੇ ਅਗਲੇ ਵਰ੍ਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ, ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਇਰਦ-ਗਿਰਦ ਕਿਸੇ ਵੀ ‘ਕਾਮਰੇਡ’ ਨੂੰ ਧਰਮ ਦੀ ਆੜ ਹੇਠ, ਬਹਾਨਾ ਬਣਾ ਕੇ ਸਿਆਸੀ ਰੋਟੀਆਂ ਨਹੀਂ ਸੇਕਣ ਦਿੱਤੀਆਂ ਜਾਣਗੀਆਂ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ ਅਤੇ ਜਰਨੈਲ ਸਿੰਘ ਕਰਤਾਰਪੁਰ ਨੇ ਜੋ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਮੇਰੇ ਵੱਲੋ ਸਵਾਗਤ ਕਰਨ ਦਾ ਜੋ ਝੂਠਾ ਬਿਆਨ ਦਿੱਤ ਗਿਆ ਹੈ, ਉਸ ਸਬੰਧੀ ਮੈਂ iਉਪਰੋਕਤ ਤਿੰਨਾਂ ਹੀ ਮੈਂਬਰਾ ਨੂੰ ਕਾਨੂੰਨੀ ਨੋਟਿਸ ਭੇਜ ਰਿਹਾ ਹਾਂ ਕਿ ਜਾਂ ਤਾਂ ਉਹ ਉਪਰੋਕਤ ਬਿਆਨ ਦੇ ਪੱਖ ਵਿੱਚ ਸਬੂਤ ਪੇਸ਼ ਕਰਨ ਨਹੀਂ ਤਾਂ ਕਾਨੂੰਨੀ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ।

Share News / Article

Yes Punjab - TOP STORIES