ਮੈਂਡੀ ਤੱਖੜ ਅਤੇ ਜੋਬਨਪ੍ਰੀਤ ਵੱਲੋਂ ‘ਸਾਕ’ ਫ਼ਿਲਮ ਦੇ ਪ੍ਰੋਮੋਸ਼ਨਲ ਟਰੈਕ ਦਾ ਸ਼ੂਟ ਮੁਕੰਮਲ

ਚੰਡੀਗੜ੍ਹ, ਜੂਨ 5, 2019 –

ਕਿਸੇ ਦੇ ਵੀ ਜੀਵਨ ਵਿੱਚ ਰਿਸ਼ਤਿਆਂ ਦੀ ਮਹੱਤਤਾ ਨੂੰ ਮੱਧੇਨਜ਼ਰ ਰੱਖਦੇ, ਫਿਲਮ ਨਿਰਮਾਤਾ ਹਮੇਸ਼ਾ ਇਹਨਾਂ ਰਿਸ਼ਤਿਆਂ ਨੂੰ ਸਿਲਵਰ ਸਕ੍ਰੀਨ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਛੱਡਦੇ। ਫਿਲਮ ਨਿਰਮਾਤਾਵਾ ਨੇ ਇਸ ਇੱਕ ਖਾਸ ਰਿਸ਼ਤੇ ਜਿਸਨੂੰ ਪੰਜਾਬੀ ਵਿੱਚ ‘ਸਾਕ‘ ਕਿਹਾ ਜਾਂਦਾ ਹੈ, ਦੀ ਸੁੰਦਰਤਾ ਨੂੰ ਫ਼ਿਲਮ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਜਲਦ ਹੀ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਦਾ ਨਾਮ ‘ਸਾਕ‘ ਹੈ।

‘ਸਾਕ‘ ਆਪਣੇ ਵਿਲੱਖਣ ਨਾਮ ਅਤੇ ਸ਼ੂਟ ਦੇ ਪਿੱਛੇ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਕੈਮਿਸਟਰੀ ਨੂੰ ਦਰਸਾਉਂਦੀਆਂ ਤਸਵੀਰਾਂ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈਕੇ ਉਤਸੁਕਤਾ ਵਧਾ ਦਿੱਤੀ ਹੈ।

ਹਾਲ ਹੀ ਵਿਚ, ਫਿਲਮ ਦੀ ਕਾਸਟ ਅਤੇ ਕ੍ਰਊ ਨੇ ਫ਼ਿਲਮ ਦੇ ਪਰਮੋਸ਼ਨਲ ਟਰੈਕ ਜਿਸਦਾ ਨਾਮ ਹੈ ‘ਚੰਨ ਚੜਿਆ‘ ਦਾ ਸ਼ੂਟ ਖਤਮ ਕਰ ਲਿਆ ਹੈ। ਇਹ ਬੀਟ ਨੰਬਰ ਪ੍ਰਸਿੱਧ ਗਾਇਕ-ਗੀਤਕਾਰ ਵੀਤ ਬਲਜੀਤ ਅਤੇ ਸ਼ਿਪਰਾ ਗੋਇਲ ਦੁਆਰਾ ਗਾਇਆ ਗਿਆ ਹੈ। ਗੀਤ ਦੇ ਬੋਲ ਵੀ ਵੀਤ ਬਲਜੀਤ ਦੁਆਰਾ ਲਿਖੇ ਗਏ ਹਨ।

ਫਿਲਮ ਦੀ ਮੁੱਖ ਜੋੜੀ ਤੋਂ ਇਲਾਵਾ ਮੁਕੁਲ ਦੇਵ, ਰੁਪਿੰਦਰ ਰੂਪੀ, ਮਹਾਂਬੀਰ ਭੁੱਲਰ, ਦਿਲਾਵਰ ਸਿੱਧੂ, ਸੋਨਪ੍ਰੀਤ ਜਵੰਦਾ ਅਤੇ ਦੀਪ ਬਰਾੜ ਵੀ ਫ਼ਿਲਮ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਕਮਲਜੀਤ ਸਿੰਘ ਨੇ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਜਤਿੰਦਰ ਜੈ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਨੇ ਮਿਨਹਾਸ ਫ਼ਿਲਮਜ਼ ਅਤੇ ਪ੍ਰੋਡਕਸ਼ਨ ਦੇ ਅਧੀਨ ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ।

ਇਸ ਗਾਣੇ ਬਾਰੇ ਦੱਸਦਿਆਂ ਮੈਂਡੀ ਤੱਖਰ ਨੇ ਕਿਹਾ, “ਮੈਨੂੰ ਨੱਚਣਾ ਬਹੁਤ ਪਸੰਦ ਹੈ, ਪਰ ਆਪਣੇ ਕਰੀਅਰ ਵਿਚ ਮੈਂ ਬਹੁਤ ਘੱਟ ਡਾਂਸ ਨੰਬਰ ਕੀਤੇ ਹਨ। ਇਸ ਲਈ, ਜਦੋਂ ਅਸੀਂ ਫ਼ਿਲਮ ਦੇ ਪ੍ਰੋਮੋਸ਼ਨਲ ਟਰੈਕ ਦੇ ਤੌਰ ਤੇ ਇੱਕ ਬੀਟ ਨੰਬਰ ਕਰਨ ਦਾ ਫੈਸਲਾ ਕੀਤਾ ਸੀ ਤਾਂ ਮੈਂ ਬਹੁਤ ਉਤਸਾਹਿਤ ਸੀ। ਹਾਲਾਂਕਿ,ਇਸ ਮੌਸਮ ਵਿੱਚ ਸ਼ੂਟਿੰਗ ਬਹੁਤ ਥਕਾ ਦੇਣ ਵਾਲੀ ਹੁੰਦੀ ਹੈ। ਪਰ ਪੂਰੀ ਟੀਮ ਨਾਲ ਕੰਮ ਕਰਨਾ ਮਜ਼ੇਦਾਰ ਰਿਹਾ।“

ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਜੋਬਨਪ੍ਰੀਤ ਸਿੰਘ ਨੇ ਕਿਹਾ, “ਸੈੱਟ ਤੇ ਹੋਣਾ ਮੇਰੇ ਲਈ ਇਕ ਸ਼ਾਨਦਾਰ ਤਜਰਬਾ ਹੈ ਅਤੇ ਇਹ ਪਹਿਲੀ ਵਾਰ ਸੀ ਪਰ ਪੂਰੀ ਟੀਮ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਮੈਂ ਮੈਂਡੀ ਤੱਖਰ ਵਲੋਂ ਸਬਰ ਨਾਲ ਕੀਤੇ ਮਾਰਗਦਰਸ਼ਨ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਅਖੀਰ ਵਿੱਚ, ਮੈਂ ਕਹਿ ਸਕਦਾ ਹਾਂ ਅਸੀਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਅਤੇ ਆਸ ਕਰਦੇ ਹਾਂ ਕਿ ਲੋਕ ਸਾਡੇ ਯਤਨਾਂ ਦੀ ਕਦਰ ਕਰਨਗੇ।“

ਜਿਵੇਂ ਕਿ ਫਿਲਮ ਪੋਸਟ-ਪ੍ਰੋਡਕਸ਼ਨ ਦੇ ਪੜਾਅ ਤੇ ਹੈ। ‘ਸਾਕ‘ ਫਿਲਮ ਦੀ ਰਿਲੀਜ਼ ਤਾਰੀਖ ਦਾ ਅਜੇ ਐਲਾਨ ਨਹੀਂ ਹੋਇਆ।

Share News / Article

Yes Punjab - TOP STORIES