ਮੁੱਖ ਮੰਤਰੀ ਚੰਨੀ 17 ਨੂੰ ਆਉਣਗੇ ਜਲੰਧਰ, ਵਿਧਾਇਕ ਸੁਸ਼ੀਲ ਰਿੰਕੂ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਯੈੱਸ ਪੰਜਾਬ
ਜਲੰਧਰ, 14 ਦਸੰਬਰ, 2021 –
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 17 ਦਸੰਬਰ ਨੂੰ ਜਲੰਧਰ ਵਿਖੇ ਪ੍ਰਸਤਾਵਤ ਦੌਰੇ ਨੂੰ ਲੈ ਕੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਤਾਪੁਰਾ ਦਾਣਾ ਮੰਡੀ ਵਿਖੇ ਚੱਲ ਰਹੀਆਂ ਤਿਆਰੀਆਂ ਅਤੇ ਇੰਤਜ਼ਾਮ ਦਾ ਜਾਇਜ਼ਾ ਲਿਆ ਗਿਆ।

ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਆਦਿ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੱਖ-ਵੱਖ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਦੇ ਮੱਦੇਨਜ਼ਰ ਸਮੇਂ ਸਿਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਦਾਣਾ ਮੰਡੀ ਵਿਖੇ ਇਕੱਠ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਬੂਟਾ ਮੰਡੀ ਵਿਖੇ ਬਣ ਕੇ ਤਿਆਰ ਹੋ ਚੁੱਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਅਤੇ 120 ਫੁੱਟੀ ਰੋਡ ‘ਤੇ ਬਣੇ ਕਬੀਰ ਭਵਨ ਲੋਕਾਂ ਨੂੰ ਸਮਰਪਿਤ ਕਰਨ ਦੀ ਤਜਵੀਜ਼ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਦੌਰੇ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਵਿੱਚ ਮੁੱਖ ਤੌਰ ‘ਤੇ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਵੀ ਸ਼ਾਮਲ ਹੈ, ਜਿਹੜੀ ਕਿ ਇਕ ਸਾਲ ਦੇ ਸਮੇਂ ਵਿੱਚ 78.60 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦਾ ਮਨੋਰਥ ‘ਸਿਹਤਮੰਦ ਅਤੇ ਉਸਾਰੂ ਜਲੰਧਰ’- ਏਸ਼ੀਆ ਦੀ ਮੋਹਰੀ ਖੇਡ ਅਤੇ ਮੈਨੂਫੈਕਚਰਿੰਗ ਹੱਬ’ ਹੈ, ਜੋ ਕਿ ਉਭਰ ਰਹੇ ਖਿਡਾਰੀਆਂ ਨੂੰ ਵੱਖ-ਵੱਖ ਖੇਡ ਸਹੂਲਤਾਂ ਜਿਵੇਂ ਕਿ ਕ੍ਰਿਕਟ, ਹਾਕੀ, ਫੁੱਟਬਾਲ ਦੇ ਸਟੇਡੀਅਮ ਅਤੇ ਪੈਵੇਲੀਅਨ ਮੁਹੱਈਆ ਕਰਵਾਏਗੀ, ਜਿਸ ਨਾਲ ਉਹ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਖੇਡ ਮੁਕਾਬਲਿਆਂ ਵਿੱਚ ਨਾਮਣਾ ਖੱਟ ਸਕਣ।

ਇਸੇ ਤਰ੍ਹਾਂ ਇਕ ਹੋਰ ਪ੍ਰਾਜੈਕਟ ਤਹਿਤ ਮੁੱਖ ਮੰਤਰੀ ਵੱਲੋਂ ‘ਟਰੰਕ ਸਟਰੋਮ ਡਰੇਨੇਜ ਸਿਸਟਮ’ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਜਾ ਸਕਦੀ ਹੈ, ਜਿਹੜਾ ਕਿ 20.99 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ।

ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਕੁਮਾਰ ਮਲਿਕ, ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ, ਡਿਪਟੀ ਕਮਿਸ਼ਨਰ ਆਫ ਪੁਲਿਸ ਜਗਮੋਹਨ ਸਿੰਘ, ਡਿਪਟੀ ਕਮਿਸ਼ਨਰ ਆਫ ਪੁਲਿਸ ਜਸਕਿਰਨ ਸਿੰਘ ਤੇਜਾ ਆਦਿ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ