ਮੁੱਖ ਮੰਤਰੀ ਚੰਨੀ ਦੇ ਬੇਟੇ ਨਵਨੀਤ ਸਿੰਘ ਨਵੀਂ ਨੇ ਵੰਡੇ ਪੰਜਾਬ ਐਸ.ਸੀ. ਕਮਿਸ਼ਨ ਵੱਲੋਂ 50 ਹਜ਼ਾਰ ਤਕ ਦੇ ਕਰਜ਼ੇ ਮਾਫ਼ ਕਰਨ ਬਾਰੇ ਜਾਰੀ ਕੀਤੇ ਸਰਟੀਫ਼ੀਕੇਟ

ਯੈੱਸ ਪੰਜਾਬ
ਸ੍ਰੀ ਚਮਕੌਰ ਸਾਹਿਬ, 15 ਦਸੰਬਰ, 2021 –
ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਅਨਾਜ ਮੰਡੀ, ਸ੍ਰੀ ਚਮਕੌਰ ਸਾਹਿਬ ਵਿਖੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 50,000 ਰੁਪਏ ਤੱਕ ਦੇ ਕਰਜ਼ਾ ਮਾਫ ਕਰਨ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਇਕ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ।

ਇਸ ਸਮਾਗਮ ਵਿਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪੁੱਤਰ ਸ. ਨਵਨੀਤ ਸਿੰਘ ਨਵੀ, ਪ੍ਰਧਾਨ, ਨਗਰ ਪੰਚਾਇਤ, ਸ੍ਰੀ ਚਮਕੌਰ ਸਾਹਿਬ ਸ. ਸ਼ਮਸ਼ੇਰ ਸਿੰਘ ਭੰਗੂ ਵਿਸ਼ੇਸ਼ ਤੌਰ ਉਤੇ ਪਹੁੰਚੇ।

ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਸ. ਭਾਗ ਸਿੰਘ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦੇ ਪੰਜਾਹ-ਪੰਜਾਹ ਹਜਾਰ ਰੁਪਏ ਤੱਕ ਦਾ ਕਰਜਾ ਮਾਫ ਕਰਕੇ 41.48 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਰਾਹਤ ਸਿਰਫ ਐਲਾਨ ਹੀ ਨਹੀਂ ਬਲਕਿ ਵਾਸਤਵ ਵਿਚ ਇਹ ਪੰਜਾਹ ਰੁਪਏ ਦੀ ਰਾਸ਼ੀ ਇਨਾਂ ਕਰਜਦਾਰਾਂ ਦੇ ਵਸੂਲੀ ਖਾਤਿਆਂ ਵਿਚ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਸਰਟੀਫਿਕੇਟ ਅੱਜ ਵੰਡੇ ਜਾ ਰਹੇ ਹਨ।

ਸ. ਭਾਗ ਸਿੰਘ ਨੇ ਕਿਹਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕ-ਪੱਖੀ ਫੈਸਲੇ ਲਏ ਜਾ ਰਹੇ ਹਨ ਅਤੇ ਅੱਜ ਦੇ ਇਸ ਸਮਾਗਮ ਵਿਚ ਸ੍ਰੀ ਚਮਕੌਰ ਸਾਹਿਬ ਬਲਾਕ ਦੇ 59 ਲਾਭਪਾਤਰੀਆਂ ਨੂੰ 26.80 ਲੱਖ ਰੁਪਏ ਦੇ ਕਰਜੇ ਦੀ ਮਾਫੀ ਦੇ ਸਰਟੀਫਿਕੇਟ ਵੰਡੇ ਗਏ।

ਇਸ ਮੌਕੇ ਤੇ ਸਮਾਗਮ ਵਿਚ ਕਾਰਪੋਰੇਸ਼ਨ ਦੇ ਨਿਜੀ ਸਕੱਤਰ ਰਾਜਿੰਦਰ ਸਿੰਘ, ਜਿਲਾ ਮੈਨੇਜਰ ਅਵਤਾਰ ਸਿੰਘ ਰਾਏ, ਸਹਾਇਕ ਜਿਲਾ ਮੈਨੇਜਰ ਬੁੱਧ ਸਿੰਘ, ਸੁਖਰਾਮ ਸਿੰਘ, ਅਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪਤਵੰਤੇ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ