ਮੁੱਖ ਚੋਣ ਕਮਿਸ਼ਨਰ ਸਾਹਮਣੇ ਪਟਿਆਲਾ ਦੇ ਵਿਦਿਆਰਥੀਆਂ ਨੇ ਕੀਤੀਆਂ ਸਵੀਪ ਸਰਗਰਮੀਆਂ ਦੀਆਂ ਪੇਸ਼ਕਾਰੀਆਂ, ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਤੇ ਚੋਣ ਬੋਲੀਆਂ ਨਾਲ ਬੰਨਿਆ ਰੰਗ

ਯੈੱਸ ਪੰਜਾਬ
ਪਟਿਆਲਾ, 17 ਦਸੰਬਰ, 2021 –
ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਚੰਡੀਗੜ੍ਹ ਵਿਖੇ ਪਾਈ ਗਈ ਫੇਰੀ ਦੌਰਾਨ ਮੁੱਖ ਚੋਣ ਕਮਿਸ਼ਨ ਪੰਜਾਬ ਦੀ ਅਗਵਾਈ ‘ਚ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੀ ਪਟਿਆਲਾ ਦੇ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ।

ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਸੁਸ਼ੀਲ ਚੰਦਰਾ, ਰਾਜੀਵ ਕੁਮਾਰ ਤੇ ਅਨੂਪ ਚੰਦਰ ਪਾਂਡੇ, ਮੁੱਖ ਚੋਣ ਅਫ਼ਸਰ ਪੰਜਾਬ ਐਸ. ਕਰੁਣਾ ਰਾਜੂ ਤੇ ਹੋਰਨਾਂ ਅਧਿਕਾਰੀਆਂ ਦੀ ਮੌਜੂਦਗੀ ‘ਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਨੇ ਵੋਟਰ ਜਾਗਰੂਕਤਾ ਮੁਹਿੰਮ ਸਬੰਧੀ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ।

ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਸਰਪ੍ਰਸਤੀ ‘ਚ ਪਟਿਆਲਾ ਜ਼ਿਲ੍ਹੇ ਦੀ ਸਵੀਪ ਟੀਮ ਨੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਚੋਣ ਕਮਿਸ਼ਨ ਦੀਆਂ ਵੱਖ-ਵੱਖ ਐਪਸ ਤੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ।

ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਤਨੂਜਾ, ਕਿਰਨ, ਜੈਸਮੀਨ ਕੌਰ, ਸ਼ਰਨਦੀਪ ਚੀਮਾ ਤੇ ਰਿੱਕੀ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਉਕਤ ਨਾਟਕ ਰਾਹੀਂ ਵੋਟਰ ਜਾਗਰੂਕਤਾ ਲਈ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਦੀਆਂ ਵਿਦਿਆਰਥਣਾਂ ਮਨਜੀਤ ਕੌਰ, ਲਖਵਿੰਦਰ ਕੌਰ, ਕੁਲਦੀਪ ਕੌਰ ਤੇ ਸਿਮਰਨਜੀਤ ਕੌਰ ਨੇ ਲੋਕਤੰਤਰ, ਚੋਣਾਂ ਤੇ ਵੋਟਰ ਜਾਗਰੂਕਤਾ ਸਬੰਧੀ ਬੋਲੀਆਂ ਨਾਲ ਸਭ ਦਾ ਮਨ ਮੋਹ ਲਿਆ। ਵਧੀਕ ਚੋਣ ਅਫ਼ਸਰ ਪੰਜਾਬ ਅਮਨਦੀਪ ਕੌਰ ਆਈ.ਏ.ਐਸ. ਨੇ ਮੁੱਖ ਚੋਣ ਕਮਿਸ਼ਨਰ ਭਾਰਤ ਵੱਲੋਂ ਸਫਲ ਪੇਸ਼ਕਾਰੀਆਂ ਲਈ ਵਿਦਿਆਰਥੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਜੋ ਚੰਡੀਗੜ੍ਹ ਵਿਖੇ ਸਮਾਗਮ ‘ਚ ਮੌਜੂਦ ਸਨ, ਨੇ ਵਿਦਿਆਰਥੀ ਕਲਾਕਾਰੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਮੁੱਖ ਚੋਣ ਕਮਿਸ਼ਨਰ ਅੱਗੇ ਪੰਜਾਬ ਦੀ ਪ੍ਰਤੀਨਿਧਤਾ ਕਰਨ ‘ਤੇ ਸ਼ਲਾਘਾ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ