ਮੁੜ ਕੇ ਚੱਲ ਗਈ ਪੈਲਸ ਦੇ ਵਿੱਚ ਗੋਲੀ, ਮਾਰਿਆ ਗਿਆ ਹੈ ਇੱਕ ਇਨਸਾਨ ਬੇਲੀ

ਅੱਜ-ਨਾਮਾ

ਮੁੜ ਕੇ ਚੱਲ ਗਈ ਪੈਲਸ ਦੇ ਵਿੱਚ ਗੋਲੀ,
ਮਾਰਿਆ ਗਿਆ ਹੈ ਇੱਕ ਇਨਸਾਨ ਬੇਲੀ।

ਹੋਈ ਜਿਹੜੇ ਇਨਸਾਨ ਦੀ ਮੌਤ ਕਹਿੰਦੇ,
ਬੰਤਾ ਸਿੰਘ ਉਹ ਕਹਿਣ ਭਲਵਾਨ ਬੇਲੀ।

ਅਖਾੜਾ ਲਾਇਆ ਵਿਆਹ ਦੀ ਖੁਸ਼ੀ ਮੌਕੇ,
ਨੱਚਣ-ਗਾਉਣ ਸੀ ਹੋਇਆ ਪ੍ਰਧਾਨ ਬੇਲੀ।

ਚੱਲੀ ਗੋਲੀ, ਫਿਰ ਚੀਕਦੀ `ਵਾਜ਼ ਆਈ,
ਖਿਸਕਣ ਲੱਗ ਪਏ ਸਨ ਮਹਿਮਾਨ ਬੇਲੀ।

ਹਫਤੇ ਵਿੱਚ ਆ ਤੀਸਰਾ ਕਹਿਰ ਹੋਇਆ,
ਤਿੰਨੀਂ ਥਾਂਈਂ ਹੀ ਵਹਿ ਗਿਆ ਖੂਨ ਬੇਲੀ।

ਹੁੰਦੇ ਫਾਇਰ ਵਿਆਹਾਂ ਵਿੱਚ ਨਿੱਤ ਬੇਲੀ,
ਲੱਭਦਾ ਕਿਤੇ ਨਹੀਂ ਅਮਨ-ਕਾਨੂੰਨ ਬੇਲੀ।

-ਤੀਸ ਮਾਰ ਖਾਂ
ਦਸੰਬਰ 05, 2019