ਮੁਅੱਤਲ ਡੀ.ਐਸ.ਪੀ. ਸੇਖ਼ੋਂ ਅਕਾਲੀ, ਭਾਜਪਾ ਆਗੂਆਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ: ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ, 23 ਫਰਵਰੀ, 2020:
ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਕਿਹਾ ਹੈ ਕਿ ਮੁਅੱਤਲ ਕੀਤੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਪੱਸ਼ਟ ਤੌਰ ‘ਤੇ ਆਪਣੇ ਸਿਆਸੀ ਵਿਰੋਧੀਆਂ ਦੇ ਇਸ਼ਾਰੇ’ ਤੇ ਕੰਮ ਕਰ ਰਹੇ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਬਿੱਟੂ ਨੇ ਕਿਹਾ ਕਿ ਡੀਐਸਪੀ ਸੇਖੋਂ ਅਕਾਲੀ-ਭਾਜਪਾ ਨੇਤਾਵਾਂ ਦੇ ਹੱਥਾਂ ਦੀ ਕਠਪੁਤਲੀ ਹਨ ਅਤੇ ਉਨ੍ਹਾਂ ਦੀਆਂ ਮਨਮਰਜੀਆਂ ਅਨੁਸਾਰ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਡੀਐਸਪੀ ਬਲਵਿੰਦਰ ਸੇਖੋਂ ਦਾ ਇਕ ਹਰਫੀ ਏਜੰਡਾ ਹੈ ਜੋ ਲੁਧਿਆਣਾ ਦਾ ਵਿਕਾਸ ਕਰਨ ਵਾਲੇ ਕਿਸੇ ਵੀ ਵਿਅਕਤੀ ਪ੍ਰਤੀ ਨਕਾਰਾਤਮਕ ਪਹੁੰਚ ਰੱਖਦਾ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਸੇਖੋਂ ਦੀ ਪ੍ਰੈਸ ਕਾਨਫਰੰਸ ਅੱਜ ਝੂਠੇ ਬਿਆਨਾਂ ਅਤੇ ਪ੍ਰਚਾਰਾਂ ਨਾਲ ਭਰੀ ਪਈ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਮੁਅੱਤਲ ਕੀਤਾ ਡੀਐਸਪੀ ਆਪਣੇ ਆਗੂਆਂ ਤੋਂ ਮਹਿਜ਼ ਭਾਰਤ ਭੂਸ਼ਣ ਆਸ਼ੂ ਨੂੰ ਬਦਨਾਮ ਕਰਨ ਲਈ ਨਿਰਦੇਸ਼ ਲੈ ਰਹੇ ਸਨ। ਜੋ ਕਿ ਵਿਕਾਸ ਪੱਖੀ ਏਜੰਡੇ ਲਈ ਜਾਣੇ ਜਾਂਦੇ ਹਨ।

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਿਵਾਦਾਂ ਵਿੱਚ ਨਵਾਂ ਨਹੀਂ ਹੈ। ਉਸਦੇ ਵਿਰੁੱਧ ਜਾਅਲੀ ਕਰੰਸੀ ਨੋਟ ਛਾਪਣ, ਜਨਤਕ ਫੰਡਾਂ ਦੀ ਦੁਰਵਰਤੋਂ, ਰਿਸ਼ਵਤ ਲੈਣ ਤੋਂ ਇਲਾਵਾ ਹੋਰ ਮਾਮਲੇ ਵੀ ਦਰਜ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਉਸਨੂੰ ਮੁਅੱਤਲ ਕੀਤਾ ਗਿਆ ਹੈ ਸਗੋਂ ਪਹਿਲਾਂ ਉਸਨੂੰ ਅਹੁਦੇ ਤੋਂ ਬਰਖਾਸਤ ਵੀ ਕੀਤਾ ਗਿਆ ਸੀ।

ਇਥੋਂ ਤਕ ਕਿ ਉਸ ਦਾ ਇੱਕ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਨਾਲ ਨੇੜਲਾ ਸੰਬੰਧ ਸੀ ਅਤੇ ਫਿਰੋਜ਼ਪੁਰ ਵਿੱਚ ਉਸ ਭਾਜਪਾ ਨੇਤਾ ਦੇ ਨਿੱਜੀ ਸਹਾਇਕ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਵਿੱਚ ਸਹਿ ਮੁਲਜ਼ਮ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਕਾਲੀ-ਭਾਜਪਾ ਨੇਤਾਵਾਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਹੱਥਾਂ ਦਾ ਖਿਡੌਣਾ ਹੈ।

ਉਨਾਂ ਦੋਸ਼ ਲਾਇਆ ਕਿ ਹਰ ਕੋਈ ਜਾਣਦਾ ਹੈ ਕਿ ਡੀਐਸਪੀ ਸੇਖੋਂ ਨੇ ਇੱਕ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਇੱਕ ਸ਼ਹਿਰ ਨਿਵਾਸੀ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਇਸ ਬਾਰੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਗਈ ਸੀ। ਉਸਨੇ ਉਸ ਸਮੇਂ ‘ਤੇ ਵੀ ਪ੍ਰਸ਼ਨ ਚਿੰਨ੍ਹ ਲਗਾਇਆ, ਜਿਸ ਸਮੇਂ ਡੀਐਸਪੀ ਸੇਖੋਂ ਨੇ ਭਾਰਤ ਭੂਸ਼ਣ ਆਸ਼ੂ ਵਿਰੁੱਧ ਪ੍ਰੈਸ ਕਾਨਫਰੰਸਾਂ ਕੀਤੀਆਂ ਸਨ।

ਬਿੱਟੂ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਇਕ ਪੁਲਿਸ ਅਧਿਕਾਰੀ ਜਿਸ ਨੂੰ ਸਮੇਂ-ਸਮੇਂ ‘ਤੇ ਜਨਤਕ ਦੁਰਵਿਵਹਾਰ ਕਰਕੇ ਮੁਅੱਤਲ ਕੀਤਾ ਜਾਂਦਾ ਹੈ, ਉਹ ਝੂਠ ਅਤੇ ਬਦਨਾਮੀ ਨਾਲ ਉਸਾਰੇ ਇਸ ਧੂੰਏਂ ਦੇ ਪਰਦੇ ਪਿੱਛੇ ਨਹੀਂ ਲੁਕ ਸਕਦਾ।

Share News / Article

Yes Punjab - TOP STORIES