ਮਿਲਟਰੀ ਕਾਰਨੀਵਲ ਜੋਸ਼ੋ-ਖਰੋਸ਼ ਨਾਲ ਸ਼ੁਰੂ, ਤੀਜੇ ਮਿਲਟਰੀ ਫੈਸਟੀਵਲ ਦਾ ਮੁੱਢ ਬੱਝਿਆ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 30 ਨਵੰਬਰ, 2019:

13 ਤੋਂ 15 ਦਸਬੰਰ ਤੱਕ ਹੋਣ ਜਾ ਰਹੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਬੰਨ੍ਹਦਿਆਂ ਇੱਥੇ ਸ਼ਨੀਵਾਰ ਨੂੰ 4*4 ਜੀਪ ਚਾਲਕਾਂ ਨੇ ਆਫ਼-ਰੋਡਿੰਗ ਪ੍ਰਦਰਸ਼ਨੀ ਦੌਰਾਨ ਆਪਣੇ ਹੈਰੇਤ ਅੰਗੇਜ਼ ਕਰਤੱਬਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਟੀ-90 ਟੈਂਕ, ਲਾਈਟ ਐਂਡ ਮੀਡੀਅਮ ਮਸ਼ੀਨ ਅਤੇ ਸ਼ਾਨਦਾਰ ਬੰਦੂਕਾਂ ਸਮੇਤ ਰੱਖਿਆ ਹਥਿਆਰਾਂ ਦੀ ਪ੍ਰਦਰਸ਼ਨੀ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

ਮੁੱਖ ਸਮਾਗਮ ਲਈ ਮਾਹੌਲ ਤਿਆਰ ਕਰਦਿਆਂ 2 ਦਿਨਾ ਮਿਲਟਰੀ ਕਾਰਨੀਵਲ ਵਿੱਚ ਪਹਿਲੀ ਵਾਰ ਭਾਗ ਲੈ ਰਹੇ 50 ਤੋਂ ਵੱਧ ਚਾਲਕਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਲੱਖਣ ਕਾਰਨਾਮਿਆਂ ਨਾਲ ਦਰਸ਼ਕਾਂ ਵਿੱਚ ਉਤਸ਼ਾਹ ਭਰ ਦਿੱਤਾ।

ਐਮ.ਐਮ. 50, ਜਿਪਸੀਆਂ, ਥਾਰ, ਪੋਲਾਰਿਸ ਅਤੇ ਫੋਰਸ ਗੁਰਖਾ, ਬਲੈਰੋ ਵਰਗੀਆਂ ਵਿਸ਼ਵ ਪ੍ਰਸਿੱਧ ਗੱਡੀਆਂ ‘ਤੇ ਸਵਾਰ ਹੋ ਕੇ ਨੌਜਵਾਨ ਚਾਲਕਾਂ ਨੇ ਆਪਣੇ ਹੌਂਸਲੇ, ਸ਼ਕਤੀ, ਸ਼ਹਿਣਸ਼ੀਲਤਾ ਅਤੇ ਸਾਹਸ ਨਾਲ ਰੱÎਖਿਆ ਸੈਨਾਵਾਂ ਦੇ ਜੋਸ਼ ਅਤੇ ਨਿਡਰਤਾ ਦਾ ਪ੍ਰਦਰਸ਼ਨ ਕੀਤਾ। ਆਰਮੀ ਐਡਵੈਂਚਰ ਸੈੱਲ ਦੇ ਸਹਿਯੋਗ ਨਾਲ ਅੱਜ ਕਰਵਾਏ ਗਏ ਸਮਾਗਮਾਂ ਦਾ ਉਦੇਸ਼ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਤ ਕਰਨ ਦੇ ਉਦੇਸ਼ ਨਾਲ ਆਰਮੀ ਦੀ ਆਫ-ਰੋਡਿੰਗ ਮੁਹਾਰਤ ਨੂੰ ਪ੍ਰਦਰਸ਼ਤ ਕਰਨਾ ਸੀ।

ਮਿਲਟਰੀ ਕਾਰਨੀਵਲ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਕਾਰਨੀਵਲ ਦਾ ਉਦੇਸ਼ ਨੌਜਵਾਨਾਂ ਨੂੰ ਅਮੀਰ ਫੌਜੀ ਵਿਰਾਸਤ ਨਾਲ ਜਾਣੂੰ ਕਰਵਾਉਂਦਿਆਂ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਰੱÎਖਿਆ ਅਧਿਕਾਰੀਆਂ ਵੱਲੋਂ ਕੀਤੇ ਗਏ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ।

ਮਿਲਟਰੀ ਲਿਟਰੇਚਰ ਫੈਸਟੀਵਲ ਜੋ ਕਿ ਵੱਖ ਵੱਖ ਫੌਜੀ ਇਤਿਹਾਸਕਾਰਾਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੀ ਸਾਂਝੀ ਪਹਿਲਕਦਮੀ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ, ਨੇ ਸਾਹਿਤਕ ਕਾਰਜਾਂ, ਕਲਾ, ਸੰਗੀਤ ਅਤੇ ਸ਼ਿਲਪਕਾਰੀ ਦੇ ਵੱਖ ਵੱਖ ਪਹਿਲੂਆਂ ਨੂੰ ਸਫ਼ਲਤਾਪੂਰਵਕ ਸ਼ਾਮਲ ਕਰਦਿਆਂ ਥੋੜ੍ਹੇ ਹੀ ਸਮੇਂ ਵਿੱਚ ਬੇਹੱਦ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਨੂੰ ਕਿੱਤੇ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਹੈ। ਪਿਛਲੇ ਸਾਲ 50,000 ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਨਾਲ ਇਸ ਫੈਸਟੀਵਲ ਵਿੱਚ ਪਹੁੰਚਣ ਵਾਲਿਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਮਾਣ ਅਤੇ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਲਈ ਕਾਰਨੀਵਲ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਆਟੋਮੈਟਿਕ ਗ੍ਰੇਨੇਡ ਲਾਂਚਰ , ਆਈ.ਐਨ.ਐਸ.ਏ.ਐਸ. ਰਾਈਫਲ ਤੋਂ ਲੈ ਕੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤੋਪਖਾਨੇ, ਬਖਤਰਬੰਦ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਵਿਲੱਖਣ ਖੋਜਾਂ ਦੇ ਨਾਲ ਨਾਲ ਐਂਟੀ ਏਅਰਕਰਾਫਟ ਐਲ 70 ਬੰਦੂਕਾਂ ਨੂੰ ਡਿਸਪਲੇਅ ‘ਤੇ ਰੱਖਿਆ ਗਿਆ।

ਹਥਿਆਰਾਂ ਦੀ ਇਸ ਪ੍ਰਦਰਸ਼ਨੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਸਿੱਖ ਰੈਜੀਮੈਂਟ ਅਤੇ ਫਸਟ ਗਾਰਡਜ਼, 25 ਏਅਰ ਡਿਫੈਂਸ ਰੈਜੀਮੈਂਟ ਤੋਂ ਇਲਾਵਾ 270 ਇੰਜਨੀਅਰ ਅਤੇ 12 ਹਥਿਆਰਬੰਦ ਰੈਜੀਮੈਂਟਾਂ ਸ਼ਾਮਲ ਸਨ।

ਕਿਸੇ ਵੀ ਰਸਾਇਣਿਕ ਜਾਂ ਜੀਵ-ਵਿਗਿਆਨਕ ਹਮਲੇ ਦੇ ਵਿਰੁੱਧ ਸਾਡੀ ਫੌਜ ਦੀ ਤਕਨੀਕੀ ਵਿਕਾਸ ਅਤੇ ਰੱÎਖਿਆ ਤਿਆਰੀਆਂ ਦੀ ਗਤੀ ਨੂੰ ਦਰਸਾਉਣਾ ਇਸ ਪ੍ਰਦਰਸ਼ਨੀ ਦਾ ਆਕਰਸ਼ਣ ਸੀ।

ਸੈਨਾ ਵੱਲੋਂ ਜੰਗ ਦੌਰਾਨ ਵਰਤੇ ਗਈ ਕੁਆਂਟਮ ਸਨਿਫਰ, ਨਾਨ ਲੀਨੀਅਰ ਜੰਕਟ ਡਿਟੈਕਟਰ ਅਤੇ ਮਾਈਨ ਡਿਟੈਕਟਿੰਗ ਸੈੱਟ ਅਤੇ 12 ਸੀਟਰ ਨਿਊਮੈਟਿਕ ਕਿਸ਼ਤੀ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ।

ਇਸ ਤੋਂ ਇਲਾਵਾ ਫੌਜ ਅਤੇ ਪੰਜਾਬ ਆਰਮਡ ਪੁਲੀਸ ਦੇ ਜੋਸ਼ੀਲੇ ਘੋੜਸਵਾਰਾਂ ਅਤੇ ਸਥਾਨਕ ਸਿਟੀ ਕਲੱਬ ਦੇ ਵਿਦਿਆਰਥੀਆਂ ਨੇ ਮੋਟਸਾਈਕਲਾਂ ਅਤੇ ਜਿਪਸੀਆਂ ਉੱਪਰੋਂ ਛਲਾਂਗ ਲਗਾਉਂਦਿਆਂ ਅਤੇ ਅੱਗ ਦੀਆਂ ਵਾੜਾਂ ਨੂੰ ਪਾਰ ਕਰਦਿਆਂ ਆਪਣੇ ਹੈਰਤ ਅੰਗੇਜ਼ ਕਰਤੱਬਾਂ ਨਾਲ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਹੈਰਾਨ ਕਰ ਦਿੱਤਾ।

2 ਸਿੱਖਾਂ ਦੁਆਰਾ ਵਜਾਏ ਪਾਈਪਰ ਬੈਂਡ ਦੀਆਂ ਧੁਨਾਂ ਦੀ ਲੈਅ ‘ਚ 800 ਮੀਟਰ ਪ੍ਰਤੀ ਮਿੰਟ ਦੀ ਗਤੀ ਨਾਲ ਘੋੜਸਵਾਰੀ ਕਰਦਿਆਂ ਪੰਜਾਬ ਹਥਿਆਰਬੰਦ ਪੁਲੀਸ ਦੇ ਜਵਾਨਾਂ ਨੇ ਟੈਂਟ ਪੈਗਿੰਗ, ਟਰਿੱਕ ਰਾਈਡਿੰਗ ਦੌਰਾਨ ਘੋੜਿਆਂ ਨਾਲ ਬਿਹਤਰੀਨ ਤਾਲਮੇਲ ਅਤੇ ਜੋਸ਼ ਭਰਪੂਰ ਕਰਤੱਬ ਵਿਖਾਉਂਦਿਆਂ ਦਰਸ਼ਕਾਂ ਤੋਂ ਵਾਹ ਵਾਹ ਖੱਟੀ।

ਡੌਗ ਸ਼ੋਅ ਦੌਰਾਨ ਵੱਖ ਵੱਖ ਆਰਮੀ ਡੌਗ ਇਕਾਈਆਂ ਜਿਨ੍ਹਾਂ ਵਿੱਚ ਰੀਮਾਉਂਟ ਵੈਟਰਨਰੀ ਕੌਰਪਸ ਸੈਂਟਰ ਅਤੇ ਕਾਲਜ, ਮੇਰਠ ਅਤੇ ਐਨ.ਐਸ.ਜੀ. ਸ਼ਾਮਲ ਹੋਏ ਦੇ ਮਾਹਰ ਕੁੱਤਿਆਂ ਨੇ ਦਰਸ਼ਕਾਂ ਦੇ ਜਨੂੰਨ ਨੂੰ ਸ਼ਿਖਰਾਂ ‘ਤੇ ਪਹੁੰਚਾ ਦਿੱਤਾ। ਆਰਮੀ ਦੇ ਕੁੱਤਿਆਂ ਨੇ ਪੂਰੀ ਤਾਕਤ ਅਤੇ ਫੁਰਤੀ ਨਾਲ ਵੱਖ ਵੱਖ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਕੰਧਾਂ ਉੱਪਰੋਂ ਛਲਾਂਗ ਲਗਾਉਂਦਿਆਂ ਦਰਸ਼ਕਾਂ ਤੋਂ ਪ੍ਰਸ਼ੰਸ਼ਾ ਖੱਟੀ।

ਇਸ ਡਾਗ ਸ਼ੋਅ ਵਿੱਚ ਟਰੈਕਰ, ਮਾਈਨ ਡਿਟੈਕਸ਼ਨ, ਐਕਸਪਲੋਸਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਕਰਨ ਵਿੱਚ ਮਾਹਰ ਵੱਖ ਵੱਖ ਪ੍ਰਜਾਤੀਆਂ ਦੇ ਖੋਜੀ ਕੁੱਤੇ ਇਸ ਸ਼ੋਅ ਵਿੱਚ ਖਿੱਚ ਦਾ ਕੇਂਦਰ ਰਹੇ।

ਇਸ ਮੌਕੇ, ਮੁੱਖ ਮੰਤਰੀ ਦੇ ਸੀਨਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ.ਐਸ. ਸ਼ੇਰਗਿੱਲ ਨੇ ਸੈਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਪਾਸਾਰ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਭਾਰਤੀ ਫੌਜ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਮੁੰਡੇ ਕੁੜੀਆਂ ਹਮੇਸ਼ਾ ਦੇਸ਼ ਦੀ ਸੇਵਾ ਕਰਨ ਵਿਚ ਮੋਹਰੀ ਰਹੇ ਹਨ ਅਤੇ ਇਸ ਭਾਵਨਾ ਅਤੇ ਵਚਨਬੱਧਤਾ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ।

ਕੱਲ੍ਹ ਕਾਰਨੀਵਲ ਦੇ ਦੂਜੀ ਅਤੇ ਸਪਾਪਤੀ ਦਿਨ ਵੀ 4*4 ਜੋਸ਼ੀਲੇ ਜੀਪ ਚਾਲਕਾਂ ਵੱਲੋਂ ਆਫ਼ ਰੋਡਿੰਗ ਦੀ ਪ੍ਰਦਰਸ਼ਨੀ, ਘੋੜ ਸਵਾਰੀ ਈਵੈਂਟ, ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਡਾਗ ਸ਼ੋਅ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਇਨ੍ਹਾਂ ਸਮਾਗਮਾਂ ਨੂੰ ਅੱਜ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਅਤੇ ਐਨ.ਸੀ.ਸੀ ਕੈਡਟਾਂ ਦੀ ਹਾਜ਼ਰੀ ਨਾਲ ਇਸ ਕਾਰਨੀਵਲ ਦਾ ਰੋਮਾਂਚ ਸਿਖਰਾਂ ‘ਤੇ ਪੁੱਜ ਗਿਆ। ਅੱਜ ਦੇ ਸਮਾਗਮਾਂ ਵਿੱਚ 4000 ਤੋਂ ਵੱਧ ਲੋਕਾਂ ਨੇ ਭਾਗ ਲਿਆ ਅਤੇ ਕੱਲ੍ਹ ਕਾਰਨੀਵਲ ਦੇ ਸਮਾਪਤੀ ਦਿਨ ਮੌਕੇ ਇਸ ਤੋਂ ਵੀ ਜ਼ਿਆਦਾ ਲੋਕਾਂ ‘ਤੇ ਪਹੁੰਚਣ ਦੀ ਉਮੀਦ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •