ਮਿਆਰੀ ਸਿੱਖਿਆ ਹੀ ਮਿਟਾ ਸਕਦੀ ਹੈ ਗ਼ਰੀਬੀ ਦਾ ਹਨੇਰਾ: ਭਗਵੰਤ ਮਾਨ

ਚੰਡੀਗੜ੍ਹ, 31 ਅਗਸਤ 2019 –
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਮਿਆਰੀ ਸਿੱਖਿਆ ਹੀ ਦੇਸ਼ ਅਤੇ ਪਿੰਡਾਂ ‘ਚ ਗ਼ੁਰਬਤ ਦਾ ਹਨੇਰਾ ਮਿਟਾ ਸਕਦੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੋਨਾ ਨਾਨਕਾ ਦੇ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਦੀ ਲੜਕੀ ਸਤਨਾਮ ਕੌਰ ਇਸ ਦੀ ਜਿੰਦਾ ਮਿਸਾਲ ਹੈ।

ਜੋ ਇਸ ਸਮੇਂ ਗੁਰੂ ਅੰਗਦ ਦੇ ਵੈਟਰਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਈਐਸਸੀ ਦੀ ਡਿਗਰੀ ਕਰਕੇ ਵੈਟਰਨਰੀ ਡਾਕਟਰ ਬਣਨ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਸਤਨਾਮ ਕੌਰ ਨੇ ਐਮ.ਬੀ.ਬੀ.ਐਸ ਲਈ 72ਵਾਂ ਰੈਂਕ ਹਾਸਲ ਕੀਤਾ ਸੀ, ਪਰੰਤੂ 12ਵੀਂ ਬਾਹਰਲੇ ਸੂਬੇ ‘ਚੋਂ ਕੀਤੀ ਹੋਣ ਕਰਕੇ ਪੰਜਾਬ ‘ਚ ਦਾਖਲਾ ਨਹੀਂ ਮਿਲ ਸਕਿਆ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਅੱਜ ਸਤਨਾਮ ਕੌਰ ਨਾਮ ਦੀ ਉਸ ਬੱਚੀ ਨੂੰ ਮਿਲ ਕੇ ਅਤਿਅੰਤ ਖ਼ੁਸ਼ੀ ਅਤੇ ਹੌਸਲਾ ਹੋਇਆ, ਜਿਸ ਨੇ ਬੇਹੱਦ ਗ਼ਰੀਬੀ ਅਤੇ ਦੂਰ-ਦਰਾਜ਼ ਦੇ ਇਲਾਕੇ ਦੇ ਦੋਨਾ ਨਾਨਕਾ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪੰਜਵੀਂ ਜਮਾਤ ਵਿਚੋਂ 450 ਚੋਂ 446 ਅੰਕ ਹਾਸਲ ਕਰਕੇ ਪੰਜਾਬ ਭਰ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ।”

ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਤਨਾਮ ਕੌਰ ਦੀ ਅਖਬਾਰ ਵਿਚ ਲੱਗੀ ਖਬਰ ਨੂੰ ਪੜ ਕੇ ਭਗਵੰਤ ਮਾਨ ਸਤਨਾਮ ਕੌਰ ਨੂੰ ਮਿਲਣ ਉਸਦੇ ਪਿੰਡ ਪਹੁੰਚੇ। ਮਾਨ ਮੁਤਾਬਿਕ ”ਬੇਸ਼ੱਕ ਉਦੋਂ ਮੈਂ ਇੱਕ ਕਲਾਕਾਰ ਸੀ ਅਤੇ ਸਿਆਸਤ ‘ਚ ਨਹੀਂ ਆਇਆ ਸੀ, ਪਰੰਤੂ ਬੱਚੀ ਸਤਨਾਮ ਕੌਰ ਦੀ ਐਨੀ ਵੱਡੀ ਪ੍ਰਾਪਤੀ ਤੋਂ ਉਤਸ਼ਾਹਿਤ ਹੋ ਕੇ ਮੈਂ ਚੰਡੀਗੜ੍ਹ ਤੋਂ ਸਿੱਧਾ ਦੋਨਾ ਨਾਨਕਾ (ਫ਼ਾਜ਼ਿਲਕਾ) ਵਿਖੇ ਸਤਨਾਮ ਕੌਰ ਨੂੰ ਮਿਲਣ ਪਹੁੰਚਿਆ।

ਸਕੂਲ ਦੇ ਹੈੱਡਮਾਸਟਰ ਨੂੰ ਮਿਲਿਆ ਤਾਂ ਸਤਨਾਮ ਕੌਰ ਨੂੰ ਬੁਲਾਉਣ ਗਏ ਬੱਚਿਆਂ ਨੇ ਦੱਸਿਆ ਕਿ ਸਤਨਾਮ ਕੌਰ ਕਿਸੇ ਦੇ ਖੇਤ 20 ਰੁਪਏ ਦਿਹਾੜੀ ‘ਤੇ ਨਰਮਾ ਚੁਗਣ ਗਈ ਹੋਈ ਹੈ।” ਮਾਨ ਨੇ ਕਿਹਾ, ”ਇਹ ਸੁਣ ਕੇ ਮੈਂ ਸੁੰਨ ਹੋ ਗਿਆ ਅਤੇ ਜਦ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਗ਼ਰੀਬੀ ਦਾ ਵਾਸਤਾ ਦੇ ਕੇ ਸਤਨਾਮ ਕੌਰ ਨੂੰ ਅੱਗੇ ਨਾ ਪੜ੍ਹਾ ਸਕਣ ਦੀ ਮਜਬੂਰੀ ਦੱਸੀ।”

ਮਾਨ ਨੇ ਦੱਸਿਆ ਕਿ ਕੁੱਝ ਐਨਆਰਆਈ ਮਿੱਤਰਾਂ ਦੀ ਸਹਾਇਤਾ ਨਾਲ ਸਤਨਾਮ ਕੌਰ ਦਾ ਬੜੂ ਸਾਹਿਬ ਅਕੈਡਮੀ ‘ਚ ਦਾਖਲਾ ਕਰਵਾਇਆ ਅਤੇ ਪੜ੍ਹਨ ‘ਚ ਬੇਹੱਦ ਹੁਸ਼ਿਆਰ ਸਤਨਾਮ ਕੌਰ ਨੇ ਬੜੂ ਸਾਹਿਬ ਤੋਂ ਬਾਰ੍ਹਵੀਂ ਕਰਕੇ ਐਮ.ਬੀ.ਬੀ.ਐਸ ਅਤੇ ਵੈਟਰਨਰੀ ਡਾਕਟਰ ਲਈ ਪ੍ਰੀਖਿਆਵਾਂ ਪਾਸ ਕੀਤੀਆਂ ਅਤੇ ਹੁਣ ਵੈਟਰਨਰੀ ਡਾਕਟਰ ਬਣਨ ਜਾ ਰਹੀ ਹੈ।

ਇਸ ਮੌਕੇ ਸਤਨਾਮ ਕੌਰ ਨੇ ਕਿਹਾ ਕਿ ਭਗਵੰਤ ਮਾਨ ਦੀ ਉਸ ਫੇਰੀ ਨੇ ਨਾ ਸਿਰਫ਼ ਮੇਰੀ ਸਗੋਂ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ। ਸਤਨਾਮ ਕੌਰ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਮੇਰੇ ਵਰਗੇ ਬਹੁਤ ਹੀ ਗ਼ਰੀਬ ਤੇ ਹੋਣਹਾਰ ਹਨ, ਜਿੰਨਾ ਨੂੰ ਸਰਕਾਰਾਂ ਅਤੇ ਸਮਾਜ ਦੀ ਮਦਦ ਦੀ ਜ਼ਰੂਰਤ ਹੈ।

Share News / Article

Yes Punjab - TOP STORIES