ਮਾਲ ਵਿਭਾਗ ਦਾ ਰਿਕਾਰਡ ਘਰ ਬੈਠਿਆਂ ਦੇਖ਼ਣ ਲਈ ਨਵੀਂ ਐਪ ਜਲਦ ਹੋਵੇਗੀ ਲਾਂਚ: ਗੁਰਪ੍ਰੀਤ ਕਾਂਗੜ

ਬਠਿੰਡਾ, 14 ਸਤੰਬਰ, 2019 –

ਪੰਜਾਬ ਦੇ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਰਾਮਪੁਰਾ ਸਬ-ਡਵੀਜਨ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਕਰਵਾਏ ਗਏ ਸੰਗਤ ਦਰਸ਼ਨ ਪੋ੍ਰਗਰਾਮ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਲ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਨਵੀਂ ਐਪ ਜਲਦ ਹੀ ਲਾਂਚ ਕੀਤੀ ਜਾ ਰਹੀ ਹੈ।

ਇਸ ਐਪ ਜਰੀਏ ਮੋਬਾਇਲ ਐਪਲੀਕੇਸ਼ਨ ਰਾਹੀਂ ਲੋਕ ਘਰਾਂ ਵਿੱਚ ਬੈਠੇ ਹੀ ਆਪਣਾ ਮਾਲ ਵਿਭਾਗ ਨਾਲ ਸਬੰਧਤ ਰਿਕਾਰਡ ਦੇਖ ਸਕਣਗੇ ਅਤੇ ਖੱਜਲ-ਖ਼ੁਆਰੀ ਤੋਂ ਬਚ ਸਕਣਗੇ। ਉਨਾਂ ਇਹ ਵੀ ਦੱਸਿਆ ਕਿ ਮਾਲ ਵਿਭਾਗ ਦਾ ਪੁਰਾਣਾ ਰਿਕਾਰਡ ਲੈਮੀਨੇਟ ਕੀਤਾ ਜਾਵੇਗਾ ਤਾਂ ਕਿ ਇਹ ਰਿਕਾਰਡ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਸ ਦੀ ਸਾਂਭ-ਸੰਭਾਲ ਵਧੀਆ ਤਰੀਕੇ ਨਾਲ ਹੋ ਸਕੇ।

ਮਾਲ ਮੰਤਰੀ ਸ਼੍ਰੀ ਕਾਂਗੜ ਨੇ ਇਹ ਵੀ ਦੱਸਿਆ ਕਿ ਫ਼ਰਦ ਕੇਂਦਰਾਂ ਤੇ ਲੋਕਾਂ ਵੱਲੋਂ ਕਢਵਾਈਆਂ ਜਾਂਦੀਆਂ ਫ਼ਰਦਾਂ ਦੇ ਕੰਮ ਨੂੰ ਵੀ ਸੁਖਾਲਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਫ਼ਰਦ ਕੇਂਦਰਾਂ ‘ਤੇ ਹੁਣ ਫ਼ਰਦ ਕਢਵਾਉਣ ਸਮੇਂ ਸਾਂਝਾ ਖਾਤਾ ਹੋਣ ਕਾਰਣ ਪੰਨਿਆ ਦੀ ਗਿਣਤੀ ਕਾਫ਼ੀ ਮਾਤਰਾ ਵਿੱਚ ਨਿਕਲਦੀ ਹੈ, ਵਿੱਚ ਸੋਧ ਕੀਤੀ ਜਾਵੇਗੀ ਤਾਂ ਕਿ ਪੰਨਿਆਂ ਦੀ ਗਿਣਤੀ ਘੱਟ ਨਿਕਲ ਸਕੇ।

ਇਸ ਤਰਾਂ ਹੋਣ ਨਾਲ ਫ਼ਰਦ ਕੇਂਦਰਾਂ ਤੋਂ ਫ਼ਰਦ ਪ੍ਰਾਪਤ ਵਾਲੇ ਨੂੰ ਪੰਨਿਆਂ ਦੀ ਸਾਂਭ-ਸੰਭਾਲ ਵੀ ਕਰਨੀ ਸੁਖਾਲੀ ਹੋਵੇਗੀ ਅਤੇ ਲੋਕਾਂ ਦੁਆਰਾ ਫ਼ਰਦ ਕੇਂਦਰ ‘ਤੇ ਪੰਨਿਆਂ ਦੀ ਗਿਣਤੀ ਘੱਟ ਨਿਕਲਣ ਕਾਰਣ ਜਮਾਂ ਕਰਵਾਈ ਜਾਂਦੀ ਫ਼ੀਸ ਵੀ ਘੱਟ ਅਦਾ ਕਰਨੀ ਪਵੇਗੀ।

ਸ਼੍ਰੀ ਕਾਂਗੜ ਨੇ ਅੱਜ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਸ਼੍ਰੀ ਕਾਂਗੜ ਵੱਲੋਂ ਕੁੱਝ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਸਮੱਸਿਆਵਾਂ ਦਾ ਹਾਜ਼ਰੀਨ ਸਬੰਧਤ ਅਫ਼ਸਰਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਉਣ ਦੇ ਆਦੇਸ਼ ਦਿੱਤੇ ਗਏ।

ਇਸ ਸੰਗਤ ਦਰਸ਼ਨ ਪੋ੍ਰਗਰਾਮ ਵਿੱਚ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੀ ਲੋਕ ਮਾਲ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ, ਜਲ ਤੇ ਸੇਨੀਟੇਸ਼ਨ ਵਿਭਾਗ ਆਦਿ ਵਿਭਾਗਾਂ ਨਾਲ ਸਬੰਧਤ ਆਪਣੀਆਂ-ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਸਨ। ਸ਼੍ਰੀ ਕਾਂਗੜ ਨੇ ਇਸ ਮੌਕੇ ਦੱਸਿਆ ਕਿ ਉੁਨਾਂ ਵੱਲੋਂ ਤਕਰੀਬਨ ਹਰ ਹਫ਼ਤੇ ਸੰਗਤ ਦਰਸ਼ਨ ਪ੍ਰੋਗਰਾਮ ਰੱਖ ਕੇ ਲੋਕਾਂ ਦੇ ਮਸਲੇ ਸੁਣੇ ਜਾਂਦੇ ਹਨ ਅਤੇ ਮੌਕੇ ‘ਤੇ ਹੱਲ ਕੀਤੇ ਜਾਂਦੇ ਹਨ ਅਤੇ ਬਾਕੀ ਰਹਿ ਗਏ ਮਸਲਿਆਂ ਦਾ ਹੱਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।

Share News / Article

Yes Punjab - TOP STORIES