ਮਾਮਲਾ ਹਾਕੀ ਖ਼ਿਡਾਰੀ ਤੇ ਸਾਥੀ ਦੇ ਕਤਲ ਦਾ: ਸ਼ੂਟਰ ਤੇ ਪਿਤਾ ਦੀ ਕਾਤਲਾਂ ਵਜੋਂ ਸ਼ਨਾਖ਼ਤ ਹੋਈ, ਗ੍ਰਿਫ਼ਤਾਰੀ ਛੇਤੀ: ਐਸ.ਐਸ.ਪੀ. ਸਿੱਧੂ

ਪਟਿਆਲਾ, 24 ਫਰਵਰੀ, 2020 –
ਪਟਿਆਲਾ ਪੁਲਿਸ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਹੋਏ ਦੋਹਰੇ ਅੰਨ੍ਹੇ ਕਤਲ ਦੇ ਮਾਮਲੇ ਦੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਵੀ ਜਲਦ ਕਰ ਲਈ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦਿੱਤੀ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇਸ ਦੇ ਨਾਲ ਹੀ ਨਾਭਾ ਵਿਖੇ ਹੋਏ ਇਕ ਹੋਰ ਅੰਨ੍ਹੇ ਕਤਲ ਦੇ ਦੋਸ਼ੀ ਨੂੰ ਕਾਬੂ ਕਰਕੇ ਹੁਣ ਤੱਕ 27 ਅੰਨ੍ਹੇ ਕਤਲਾਂ ਦੇ ਮਾਮਲੇ ਹੱਲ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।

ਸ. ਸਿੱਧੂ ਨੇ ਦੱਸਿਆ ਕਿ ਮਿਤੀ 19 ਫਰਵਰੀ 2020 ਨੂੰ ਰਾਤ ਕਰੀਬ 10 ਵਜੇ ਪਟਿਆਲਾ ਦੇ 24 ਨੰਬਰ ਫਾਟਕ ਨੇੜੇ ਮਜੀਠੀਆ ਇੰਨਕਲੇਵ ਨੇੜਲੇ ਨੇਪਾਲੀ ਢਾਬਾ ਵਿਖੇ ਕੌਮੀ ਪੱਧਰ ਦੇ ਹਾਕੀ ਖਿਡਾਰੀ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਇੰਨਕਲੇਵ ਤੇ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ (ਦੋਵੇਂ ਬਿਜਲੀ ਬੋਰਡ ਦੇ ਕਰਮਚਾਰੀ) ਦਾ ਢਾਬੇ ‘ਤੇ ਕਿਸੇ ਗੱਲ ਨੂੰ ਲੈਕੇ ਅਣਪਛਾਤੇ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਮਗਰੋਂ ਇਨ੍ਹਾਂ ਦਾ ਅਣਪਛਾਤਿਆਂ ਨੇ 12 ਬੋਰ ਰਾਇਫਲ ਨਾਲ ਫਾਇਰ ਕਰਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 47 ਮਿਤੀ 19/02/2020 ਅ/ਧ 302 ਹਿੰ:ਦਿੰ: 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਵਿਖੇ ਦਰਜ ਕੀਤਾ ਗਿਆ ਸੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਦੋਹਰੇ ਕਤਲ ਕੇਸ ਨੂੰ ਹੱਲ ਕਰਨ ਲਈ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ, ਡੀ.ਐਸ.ਪੀ. ਜਾਂਚ ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ, ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ਼ ਸ਼ਰਮਾ, ਇੰਚਾਰਜ ਸੀ.ਆਈ.ਏ.ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ,ਐਸ.ਐਚ.ਓ ਥਾਣਾ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸ਼ਲ ‘ਤੇ ਅਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਟੀਮ ਵੱਲੋ ਕੀਤੀ ਗਈ ਪੁੱਛਗਿੱਛ, ਪੜਤਾਲ ਅਤੇ ਮੋਬਾਇਲ ਫੋਰੈਂਸਿਕ ਟੀਮ ਦੇ ਮਾਹਰਾਂ ਵੱਲੋਂ ਵੀ ਸਬੂਤ ਇਕੱਤਰ ਕਰਨ ਮਗਰੋਂ ਇਹ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਾਮਾਲੂਮ ਵਿਅਕਤੀ ਢਾਬੇ ਦੇ ਨੇੜੇ-ਤੇੜੇ ਹੀ ਕਿਸੇ ਪੀ.ਜੀ ਜਾਂ ਕਿਰਾਏ ਪਰ ਰਹਿ ਰਹੇ ਸਨ, ਜੋ ਕਿ ਢਾਬੇ ਤੇ ਖਾਣਾ ਖਾਣ ਲਈ ਆਏ ਸਨ। ਇਹ ਵੀ ਗੱਲ ਸਾਹਮਣੇ ਆਈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੋਵੇ ਪਿਉ ਪੁਤ ਹਨ ਤੇ ਇਨ੍ਹਾਂ ਦੀ ਭਾਲ ਲਈ ਪ੍ਰਤਾਪ ਨਗਰ, ਮਜੀਠੀਆ ਇਨਕਲੇਵ, ਮਾਡਲ ਟਾਉਨ ਆਦਿ ਏਰੀਆ ਦੇ ਪੀ.ਜੀਜ ਦੀ ਚੈਕਿੰਗ ਵੀ ਕੀਤੀ ਗਈ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਤਰ੍ਹਾਂ ਵਾਰਦਾਤ ਕਰਨ ਵਾਲੇ ਪਿਉ ਪੁੱਤ ਦੀ ਪਛਾਣ ਕਰ ਲਈ ਗਈ, ਜੋਕਿ ਅਮਨਦੀਪ ਸਿੰਘ (ਉਮਰ ਕਰੀਬ 45 ਸਾਲ) ਅਤੇ ਉਸ ਦਾ ਪੁੱਤਰ ਮਨਰਾਜ ਸਿੰਘ ਸਰਾਉ ਹਨ, ਜ਼ੋ ਇਸ ਢਾਬੇ ਦੇ ਨੇੜੇ ਇਕ ਪੀ.ਜੀ ਵਿੱਚ ਰਹਿੰਦੇ ਹਨ ਤੇ ਹੁਣ ਇਨ੍ਹਾਂ ਦੀ ਗਿਫ਼ਤਾਰੀ ਲਈ ਪੁਲਿਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਮੋਹਾਲੀ, ਸੰਗਰੂਰ, ਮਾਨਸਾ ਆਦਿ ਵਿਖੇ ਰੇਡਜ ਕੀਤੀਆਂ ਜਾ ਰਹੀਆ ਹਨ ਤੇ ਇਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਦੁਗਾਲ ਥਾਣਾ ਪਾਤੜਾ ਦਾ ਰਹਿਣ ਵਾਲਾ ਹੈ ਅਤੇ ਹੁਣ ਸੈਕਟਰ 66 ਐਸ.ਏ.ਐਸ ਨਗਰ ਮੋਹਾਲੀ ਵਿਖੇ ਰਹਿੰਦਾ ਹੈ ਤੇ ਖੇਤੀਬਾੜੀ ਕਰਦਾ ਹੈ। ਇਸ ਦਾ ਲੜਕਾ ਮਨਰਾਜ ਸਿੰਘ ਸਰਾਉ ਪੜਦਾ ਹੈ ਅਤੇ ਨਾਲ ਹੀ ਟਰੈਪ ਸ਼ੂਟਿੰਗ (12 ਬੋਰ) ਗੇਮ ਵੀ ਕਰਦਾ ਹੈ ਜੋ ਕਿ ਇੱਕ ਵਧੀਆ ਟਰੈਪ ਸ਼ੂਟਰ ਹੈ ਤੇ ਉਹ ਪਿਛਲੇ ਸਮੇਂ ਹੋਈ ਮਿਲਟਰੀ ਸ਼ੂਟ ਗੰਨ ਚੈਂਪੀਅਨਸ਼ਿਪ ਵਿੱਚ ਸੋੋਨ ਅਤੇ ਕਾਂਸੀ ਦੇ ਤਗਮੇ ਵੀ ਜਿੱਤਿਆ ਸੀ। ਉਹ ਪਟਿਆਲਾ ਵਿਖੇ ਟਰੇਨਿੰਗ ਲੈ ਰਿਹਾ ਸੀ। ਸ. ਸਿੱਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਪਤੀ ਪਤਨੀ ਅਲੱਗ ਰਹਿੰਦੇ ਹਨ ਅਤੇ ਮਨਰਾਜ ਸਿੰਘ ਸਰਾਓ ਆਪਣੇ ਪਿਤਾ ਨਾਲ ਰਹਿੰਦਾ ਹੈ।


ਇਸ ਨੂੰ ਵੀ ਪੜ੍ਹੋ: 
ਡੀ.ਜੀ.ਪੀ. ਮਾਮਲਾ – ਸਿੱਖ ਮੁੱਦਿਆਂ ਦੇ ‘ਚੈਂਪੀਅਨ’ ਕਾਂਗਰਸੀ ਮੰਤਰੀਆਂ, ਵਿਧਾਇਕਾਂ ਦੀ ਚੁੱਪ ਸਵਾਲਾਂ ਦੇ ਘੇਰੇ ਵਿੱਚ!


ਸ੍ਰੀ ਸਿੱਧੂ ਨੇ ਦੱਸਿਆ ਕਿ ਦੋਵਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਲਈ ਬੜੀ ਔਖੀ ਘੜੀ ਹੈ, ਕਿ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਦਾ ਕਤਲ ਕੀਤਾ ਗਿਆ ਪਰੰਤੂ ਪਟਿਆਲਾ ਪੁਲਿਸ ਇਨ੍ਹਾਂ ਪਰਿਵਾਰਾਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਪੁਲਿਸ ਉਪਰ ਆਪਣਾ ਵਿਸ਼ਵਾਸ਼ ਬਣਾਈ ਰੱਖਿਆ ਅਤੇ ਪਟਿਆਲਾ ਪੁਲਿਸ ਇਸ ਦੋਹਰੇ ਅੰਨੇ ਕਤਲ ਮਾਮਲਿਆਂ ਨੂੰ ਹੱਲ ਕਰਨ ਵਿੱਚ ਕਾਮਯਾਬ ਹੋਈ।
ਐਸ.ਐਸ.ਪੀ. ਸ. ਸਿੱਧੂ ਨੇ ਹੋਰ ਦੱਸਿਆ ਕਿ ਨਾਭਾ ਵਿਖੇ 21 ਫਰਵਰੀ 2020 ਨੂੰ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਅਮਨਦੀਪ ਸਿੰਘ ਉਮਰ ਕਰੀਬ 42/43 ਸਾਲ ਪੁੱਤਰ ਭਗਤ ਸਿੰਘ ਵਾਸੀ ਬੈਂਕ ਸਟਰੀਟ ਨਾਭਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।। ਜਿਸ ਕਰਕੇ ਮੁਢਲੇ ਸਮੇ ਕਿਸੇ ਪਰ ਸ਼ਕ ਨਾ ਹੋਣ ਕਰਕੇ 174 ਸੀ.ਆਰ.ਪੀ.ਸੀ. ਦੀ ਕਾਰਵਾਈ ਕੀਤੀ ਗਈ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਵੀ ਡੂੰਘਾਈ ਨਾਲ ਪੜਤਾਲ ਕਰਨ ‘ਤੇ ਪਾਇਆ ਗਿਆ ਕਿ ਮ੍ਰਿਤਕ ਅਮਨਦੀਪ ਸਿੰਘ ਅਤੇ ਧਰਮਜੀਤ ਸਿੰਘ ਪੁੱਤਰ ਉਦੈ ਪਾਲ ਸਿੰਘ ਵਾਸੀ ਨੇੜੇ ਵਾਈਟ ਹਾਊਸ, ਹੀਰਾ ਮਹਿਲ, ਨਾਭਾ ਦੋਵੇ ਦੋਸਤ ਸਨ ਅਤੇ ਇਨ੍ਹਾਂ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਝਗੜ੍ਹਾ ਚੱਲਦਾ ਸੀ, ਜਿਸ ਕਰਕੇ ਧਰਮਜੀਤ ਸਿੰਘ ਨੇ ਅਮਨਦੀਪ ਸਿੰਘ ਦੀ ਲਾਇਸੰਸੀ ਰਿਵਾਲਵਰ ਨਾਲ ਹੀ ਅਮਨਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸ ਸਬੰਧੀ ਮੁਕਦਮਾ ਨੰਬਰ 18 ਮਿਤੀ 22.02.2020 ਅ/ਧ 302 ਹਿੰ:ਦੰ: 25 ਅਸਲਾ ਐਕਟ ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ।

ਸ. ਸਿੱਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਹੋਏ ਅੰਨ੍ਹੇ ਕਤਲ ਨੂੰ ਪਟਿਆਲਾ ਪੁਲਿਸ ਵਲੋ ਟਰੇਸ ਕਰਕੇ ਦੋਸੀ ਧਰਮਜੀਤ ਸਿੰਘ ਪੁੱਤਰ ਉਦੈ ਪਾਲ ਸਿੰਘ ਵਾਸੀ ਨੇੜੇ ਵਾਈਟ ਹਾਊਸ, ਹੀਰਾ ਮਹਿਲ, ਨਾਭਾ ਨੂੰ ਮਿਤੀ 23 ਫਰਵਰੀ 2020 ਨੂੰ ਗ੍ਰਿਫਤਾਰ ਕਰਕੇ ਇਸ ਅੰਨ੍ਹੇ ਕਤਲ ਨੂੰ ਟਰੇਸ ਕੀਤਾ ਗਿਆ ਹੈ।

Share News / Article

Yes Punjab - TOP STORIES