ਮਾਮਲਾ ਗੁ: ਬੇਰ ਸਾਹਿਬ ਵਿਖੇ ਚੜ੍ਹਾਏ ਗਏ ਸੋਨੇ ਦੇ ਪੱਤਰੇ ਦਾ – ਅਕਾਲ ਤਖ਼ਤ ਜਾਂਚ ਕਰਾਵੇ: ਬੀਰ ਦਵਿੰਦਰ ਸਿੰਘ

ਪਟਿਆਲਾ, 20 ਨਵੰਬਰ, 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਾਬਾ ਸੁਖਦੇਵ ਸਿੰਘ ਭੁੱਚੋਂ ਮੰਡੀ ਵਾਲਿਆਂ ਵੱਲੋਂ ਝੜਾਏ ਗਏ ਸੋਨੇ ਦੇ ਪੱਤਰੇ ਦੇ ਗੁੰਮ ਹੋਣ ਸਬੰਧੀ ਇੱਕ ਵਿਵਾਦ ਸੋਸ਼ਲ ਮੀਡੀਏ ਤੇ ਚੱਲ ਰਿਹਾ ਹੈ, ਜਿਸ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿੱਚ ਭਾਰੀ ਸ਼ੰਕੇ ਉਤਪੰਨ ਹੋ ਗਏ ਹਨ।

ਭਾਵੇਂ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤ੍ਰ ਸਰਦਾਰ ਰੂਪ ਸਿੰਘ ਵੱਲੋਂ, ਮੈਨੂੰ ਕੁੱਝ ਰਸੀਦਾਂ ਤੇ ਦਸਤਾਵੇਜ ਭੇਜੇ ਗਏ ਹਨ ਪਰ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਉਕਾਈਆਂ ਸਵਾਲਾਂ ਦੇ ਘੇਰੇ ਵਿੱਚ ਹਨ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮੈਨੂੰ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਰਾਹੀਂ, ਇਸ ਮਾਮਲੇ ਦੀਆਂ ਕੁੱਝ ਸਨਸਨੀਖੇਜ਼ ਵੀਡੀਓਜ਼ ਵੀ ਭੇਜੀਆਂ ਗਈਆਂ ਹਨ ਜੋ ਇਸ ਸੋਨ-ਪੱਤਰੇ ਦੇ ਪਾਲਕੀ ਸਾਹਿਬ ਤੋਂ ਉਤਾਰੇ ਜਾਣ ਦੇ ਸਮੇਂ ਦੇ ਦ੍ਰਿਸ਼ ਪੇਸ਼ ਕਰਦੀਆਂ ਹਨ।ਇਸ ਵੀਡੀਓ ਵਿੱਚ ਗੁਰਦਵਾਰਾ ਸ੍ਰੀ ਬੇਰ ਸਾਹਿਬ ਦੇ ਕਰਮਚਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਚਲਦਿਆਂ ਗੁਰਬਾਣੀ ਦੇ ਸੁਰ-ਕ੍ਰਮ ਵਿੱਚ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਮੇਜ਼ ਤੇ ਖੜ੍ਹੇ ਹੋ ਕੇ ਇਸ ਸੋਨ-ਪੱਤਰੇ ਨੂੰ ਉਤਾਰਦੇ ਨਜ਼ਰ ਆ ਰਹੇ ਹਨ ।

ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੋ-ਸਰ ਬੇਅਦਬੀ ਹੈ। ਦੂਸਰਾ ਇਸ ਪਾਲਕੀ ਸਾਹਿਬ ਦੀਆਂ ਜੋ ਤਸਵੀਰਾਂ ਪੰਜਾਬੀ ਦੇ ਕੁੱਝ ਅਖ਼ਬਾਰਾਂ ਵਿੱਚ ਵੀ ਪ੍ਰਮੁੱਖਤਾ ਨਾਲ ਛਪੀਆਂ ਹਨ, ਇਨ੍ਹਾਂ ਵਿੱਚ ਕੁੱਝ ਤਸਵੀਰਾਂ ਵਿੱਚ, ਪਾਲਕੀ ਸਾਹਿਬ ਤੇ ਇਹ ਵਿਵਾਦਤ ਸੋਨ-ਪੱਤ੍ਰ ਜਿਸ ਉੱਤੇ ਮੂਲਮੰਤਰ ਉੱਕਰਿਆ ਹੋਇਆ ਹੈ, ਸਸ਼ੋਭਿਤ ਹੈ ਅਤੇ ਇੱਕ ਤਸਵੀਰ ਪਾਲਕੀ ਸਾਹਿਬ ਤੋਂ ਇਹ ਵਿਵਾਦਤ ਸੋਨ-ਪੱਤ੍ਰ ਉਤਾਰ ਲਏ ਜਾਣ ਤੋਂ ਪਿੱਛੋਂ ਦੀ ਵੀ ਹੈ।

ਭਾਵੇਂ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ ਪਰ ਉਸਦੇ ਬਾਵਜੂਦ ਵੀ ਸਥਿੱਤੀ ਪੂਰਨ ਰੂਪ ਵਿੱਚ ਅਸਪਸ਼ਟ ਬਣੀ ਹੋਈ ਹੈ, ਜਿਸ ਨੂੰ ਸਪਸ਼ਟ ਰੂਪ ਵਿੱਚ ਖੋਲ੍ਹ ਕੇ ਦੱਸਣਾਂ ਅਤੇ ਸਾਫ਼ ਕਰਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨੈਤਿਕ ਜ਼ਿੰਮੇਵਾਰੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਾਮਦਾਸ ਦੇ ਅਖ਼ਬਾਰਾਂ ਵਿੱਚ ਛਪੇ ਬਿਅਨਾਂ ਅਨੁਸਾਰ ਇਹ ਵਿਵਾਦਤ ਸੋਨ-ਪੱਤਰਾ ਬਾਬਾ ਸੁਖਦੇਵ ਸਿੰਘ ਵੱਲੋਂ , ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ 10 ਨਵੰਬਰ 2019 ਨੂੰ ਭੇਂਟ ਕੀਤਾ ਗਿਆ ਸੀ ਜਦ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤ੍ਰ ਸਰਦਾਰ ਰੂਪ ਸਿੰਘ ਵੱਲੋਂ ਮੈਨੂੰ ਭੇਜੀਆਂ ਸਾਰੀਆਂ ਹੀ ਰਸੀਦਾਂ 14 ਨਵੰਬਰ 2019 ਦੀਆਂ ਹਨ ।

ਸਿੱਖ ਸੰਗਤਾਂ ਇਹ ਜਾਨਣਾ ਚਾਹੁੰਦੀਆਂ ਹਨ ਕਿ ਵਿਵਾਦਤ ਸੋਨ-ਪੱਤਰਾ ਬਾਬਾ ਸੁਖਦੇਵ ਸਿੰਘ ਭੁੱਚੋਂ ਮੰਡੀ ਵਾਲਿਆਂ ਵੱਲੋਂ ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭੇਂਟ ਕੀਤੇ ਜਾਣ ਤੋਂ ਪਿੱਛੋਂ, ਪਾਲਕੀ ਸਾਹਿਬ ਦੇ ਮੱਥੇ ਤੇ ਕਿਸ ਤਾਰੀਖ ਨੂੰ ਅਤੇ ਕਿਸ ਦੀ ਇਜਾਜ਼ਤ ਨਾਲ ਸਸ਼ੋਭਿਤ ਕੀਤਾ ਗਿਆ ਅਤੇ ਉਸ ਤੋਂ ਪਿੱਛੋ ਇਸ ਸੋਨ-ਪੱਤਰੇ ਨੂੰ ਪਾਲਕੀ ਸਾਹਿਬ ਤੋਂ ਚਲਦੇ ਅਖੰਡ ਪਾਠ ਸਾਹਿਬ ਵਿੱਚ ਹੀ ਹਟਾ ਕੇ, ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਖਜ਼ਾਨੇ ਵਿੱਚ ਰਸੀਦ ਨੰਬਰ: 25908 ਮਿਤੀ: 14 ਨਵੰਬਰ 2019 ਰਾਹੀਂ ਜਮ੍ਹਾਂ ਕਰ ਲੈਣ ਦੀ ਕੀ ਲੋੜ ਪੈ ਗਈ ਸੀ ?

ਜਦੋਂ ਇਹ ਵਿਵਾਦਤ ਸੋਨ-ਪੱਤਰਾ ਬਾਬਾ ਸੁਖਦੇਵ ਸਿੰਘ ਭੁੱਚੋਂ ਮੰਡੀ ਵਾਲਿਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ, ਭਾਵ 10 ਨਵੰਬਰ 2019 ਨੂੰ ਭੇਂਟ ਕੀਤਾ ਗਿਆ ਤਾਂ ਰਸੀਦ 14 ਨਵੰਬਰ ਨੂੰ ਕਿਉਂ ਕੱਟੀ ਗਈ ਹੈ ? ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸੋਨ-ਪੱਤਰੇ ਨੂੰ ਗੁਰਦਵਾਰਾ ਸ੍ਰੀ ਬੇਰ ਸਾਹਿਬ ਦੀ ਪਾਲਕੀ ਸਾਹਿਬ ਤੋਂ ਕਿਉਂ ਉਤਾਰਿਆ ਗਿਆ, ਇਸ ਦਾ ਕੀ ਕਾਰਨ ਬਣਿਆ ।

ਮਿਤੀ 10 ਨਵੰਬਰ ਤੋਂ 14 ਨਵੰਬਰ ਤੱਕ ਇਹ ਸੋਨ-ਪੱਤਰਾ, ਗੁਰਦਵਾਰਾ ਸ੍ਰੀ ਬੇਰ ਸਾਹਿਬ, ਸੁਲਤਾਨਪਰ ਲੋਧੀ ਦੇ ਰਿਕਾਰਡ ਅਨੁਸਾਰ ਮੈਸਰਜ਼ ਨਿਊ ਕੰਡਾ ਜਿਊਲਰਜ਼, ਸਦਰ ਬਜ਼ਾਰ, ਸੁਲਤਾਨਪੁਰ ਲੋਧੀ ਦੀ ਦੁਕਾਨ ਵਿੱਚ ਵੀ ਘਮੁੰਦਾ ਰਿਹਾ। ਵਰਨਣ ਯੋਗ ਹੈ ਕਿ ਇਸ ਦੀ ਤਾਰੀਖ ਵੀ 14 ਨਵੰਬਰ 2019 ਹੀ ਹੈ।

ਉਪਰੋਕਤ ਸਾਰੇ ਤੱਥਾਂ ਅਨੁਸਾਰ ਗੁਰੂ ਘੲ ਦੀਆਂ ਅਮਾਨਤਾਂ ਵਿੱਚ ਹੋਈ ਖਿਆਨਤ ਦਾ ਇਹ ਮਾਮਲਾ ਸੁਲਝਣ ਦੀ ਥਾਂ ਹੋਰ ਗੰਭੀਰ ਅਤੇ ਸ਼ੱਕੀ ਹੁੰਦਾ ਜਾ ਰਿਹਾ ਜਿਸ ਦਾ ਵਿਸਥਾਰ ਨਾਲ ਸਪਸ਼ਟੀਕਰਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਾਰੇ ਵੇਰਵਿਆਂ ਅਨੁਸਾਰ ਤੁਰੰਤ ਦੇਣਾ ਬਣਦਾ ਹੈ।

ਇਸ ਦੁਰਾਨ ਸਿੱਖ ਸੰਗਤਾਂ ਦੀ ਸੰਤੁਸ਼ਟੀ ਲਈ ਇਹ ਵੀ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਨਿਰਪੱਖ ਪੜਤਾਲ ਕਰਵਾਊਂਣ ਤਾਂ ਕਿ ਸਹੀ ਤੱਥ ਸਿੱਖ ਸੰਗਤਾਂ ਦੇ ਦ੍ਰਿਸ਼ਟੀ-ਗੋਚਰ ਹੋ ਸਕਣ ਅਤੇ ਜੋ ਵੀ ਵਿਅਕਤੀ ਇਸ ਕੁਤਾਹੀ ਲਈ ਜ਼ਿੰਮੇਵਾਰ ਪਾਏ ਜਾਂਦੇ ਹਨ ਉਨ੍ਹਾਂ ਸਾਰਿਆਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਦੰਡਿਤ ਕੀਤਾ ਜਾਵੇ|

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਅਤੇ
ਸੀਨੀਅਰ ਮੀਤ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ)

ਇਸ ਨੂੰ ਵੀ ਪੜ੍ਹੋ: ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ, ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ

Share News / Article

Yes Punjab - TOP STORIES