ਮਾਮਲਾ ਗੁਰੂ ਰਵਿਦਾਸ ਮੰਦਿਰ ਦਾ: ਬਸਪਾ ਵੱਲੋਂ ਸੂਬੇ ਭਰ ’ਚ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਦਿੱਤੇ ਗਏ ਮੰਗ ਪੱਤਰ

ਲੁਧਿਆਣਾ, 5 ਸਤੰਬਰ, 2019 –
ਬਹੁਜਨ ਸਮਾਜ ਪਾਰਟੀ ਦੀ ਪੰਜਾਬ ਯੂਨਿਟ ਨੇ ਕੌਮੀਂ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਕੁਮਾਰੀ ਮਾਇਅਵਤੀ ਦੇ ਆਦੇਸ਼ਾਂ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਕਾਗਰਸ ਸਰਕਾਰ ਨੂੰ ਤੁਰੰਤ ਭੰਗ ਦੀ ਮੰਗ ਕੀਤੀ।

ਲੁਧਿਆਣਾ ਵਿਖੇ ਵੀ ਜਿਲ੍ਹੇ ਪ੍ਰਧਾਨ ਪ੍ਰਗਣ ਬਿਲਗਾ ਨਾਲ ਸੂਬੇ ਦੀ ਲੀਡਰਸ਼ਿਪ ਨੇ ਡੀ ਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ।

ਇਸ ਮੌਕੇ ਗੱਲ ਕਰਦਿਆਂ ਸ੍ਰੀ ਬਿਲਗਾ ਅਤੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ ਤੋਂ ਇਲਾਵਾ ਗੁਰਮੇਲ ਸਿੰਘ ਜੀ ਕੇ, ਭੁਪਿੰਦਰ ਸਿੰਘ ਜੋੜਾ ਅਤੇ ਗੁਰਮੇਲ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ‘ਚ 500 ਸਾਲ ਪੁਰਾਣਾ ਗੁਰੂ ਰਵਿਦਾਸ ਜੀ ਦਾ ਮੰਦਰ ਕੇਂਦਰ ਸਰਕਾਰ ਨੇ ਓਾਹ ਦਿੱਤਾ, ਲੁਧਿਆਣਾ ਦੇ ਜਮਾਲਪੁਰ ‘ਚ 1947 ਤੋਂ ਬਣਿਆ ਗੁਰਦੁਆਰਾ ਗੁਰੂ ਰਵਿਦਾਸ ਜੀ ਨੂੰ ਢਾਹੁਣ ਲਈ ਸੂਬੇ ਦੀ ਕਾਂਗਰਸ ਸਰਕਾਰ ਨੇ ਗਲਾਡਾ ਨੂੰ ਆਦੇਸ਼ ਜਾੀ ਕਰ ਦਿੱਤੇ ਹਨ ਅਤੇ ਜੇਕਰ ਬਸਪਾ ਸੰਘਰਸ਼ ਦੀ ਚੇਤਾਵਨੀ ਨਾ ਦਿੰਦੀ ਤਾਂ ਇਸ ਨੂੰ ਢਾਹ ਦਿੱਤਾ ਜਾਣਾ ਸੀ, ਨੈਸ਼ਨਲ ਚੈਨਲ ਉੱਤੇ ਭਗਵਾਨ ਵਾਲਮੀਕਿ ਜੀ ਦਾ ਗਲਤ ਚਿਤਰਨ ਪੇਸ਼ ਕਰਦਾ ਲਵਕੁਸ਼ ਨਾਟਕ ਦਿਖਾਇਆ ਜਾ ਰਿਹਾ ਹੈ, ਮੰਦਰ ਲਈ ਸੰਘਰਸ਼ ਕਰਦੇ ਗੁਰੂ ਰਵਿਦਾਸ ਜੀ ਤੇ ਪੈਰੋਕਾਰਾਂ ਉੱਤੇ ਦੇਸ਼ ਧ੍ਰੋਹ ਦੇ ਮੁੱਕਦਮੇਂ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ।

ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਅਜਿਹੀਆਂ ਚਾਲਾਂ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਹੈ, ਅਸ਼ਾਂਤੀ ਦਾ ਮਾਹੌਲ ਬਣ ਰਿਹਾ ਹੈ। ਜਿਹੜੀਆਂ ਸਰਕਾਰਾਂ ਕਿਸੇ ਖਾਸ ਵਰਗ ਨੂੰ ਨਿਸ਼ਾਨੇ ਤੇ ਰੱਖ ਕਾਰਵਾਈਆਂ ਕਰ ਰਹੀਆਂ ਹੋਣ ਅਤੇ ਦੇਸ਼ ਦੀ ਸ਼ਾਂਤੀ, ਏਕਤਾ ਅਤੇ ਅਖੰਡਤਾ ਲਈ ਖਤਰਾ ਹੋਣ ਉਨ੍ਹਾਂ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਆਗੂਆਂ ਨੇ ਕਿਹਾ ਕਿ ਏਸੇ ਲਈ ਅਸੀਂ ਅੱਜ ਸੂਬੇ ਦੇ ਪ੍ਰਧਾਨ ਡਾ: ਜਸਵੀਰ ਸਿੰਘ ਗੜ੍ਹੀ ਦੇ ਆਦੇਸ਼ਾਂ ਉੱਤੇ ਸ਼ਾਂਤਮਈ ਧਰਨੇ ਦੇ ਕੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਭੰਗ ਕਰਨ ਲਈ ਡੀ ਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਕਿ ਉਹ ਅਪਣੇ ਸੰਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੋਵਾਂ ਸਰਕਾਰਾਂ ਨੂੰ ਤੁਰੰਤ ਭੰਗ ਕਰਕੇ ਦੇਸ਼ ਦੀ ਜਨਤਾ ਨੂੰ ਰਾਹਤ ਦੇਣ।

ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਪ੍ਰਧਾਨ ਮਨਜੀਤ ਸਿੰਘ, ਲਾਭ ਸਿੰਘ ਭਾਮੀਆਂ, ਰਾਮਲੋਕ, ਰਾਮਾਨੰਦ, ਯੂਥ ਵਿੰਗ ਦੇ ਹਲਕਾ ਸਾਹਨੇਵਾਲ ਦੇ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ, ਬਲਦੇਵ ਸਿੰਘ ਕੂੰਮ, ਬੰਸੀ ਲਾਲ ਪ੍ਰੇਮੀਂ, ਮਨਜੀਤ ਸਿੰਘ ਬਾੜੇਵਾਲ, ਸੰਜੀਵ ਵਿਸ਼ਵਕਰਮਾ, ਚਰਨ ਸਿੰਘ ਲੁਹਾਰਾ, ਜਸਵੀਰ ਪੌਲ, ਬਲਵਿੰਦਰ ਕੌਚ, ਹਰਬੰਸ ਸਿੰਘ ਬਾੜੇਵਾਲ, ਮਨਜੀਤ ਸਿੰਘ ਕਾਹਲੋਂ, ਸੁਰਿੰਦਰ ਹੀਰਾ, ਨਰੇਸ਼ ਕੁਮਾਰ, ਕਰਨੈਲ ਸਿੰਘ, ਜਸਵਿੰਦਰ ਸਿੰਘ, ਕੇਵਲ ਸਿੰਘ, ਨਰੇਸ਼ ਬਸਰਾ, ਜਸਵਿੰਦਰ ਜੱਸੀ, ਲੇਖਰਾਜ ਬਿਲਗਾ, ਸੁਰੇਸ਼ ਸੋਨੂੰ, ਖਵਾਜਾ ਪ੍ਰਸ਼ਾਦ, ਬੂਟਾ ਸਿੰਘ ਸੰਗੋਵਾਲ, ਰਵੀ ਕੁਮਾਰ, ਗੁਰਮੁੱਖ ਸਿੰਘ, ਸੁਰਜੀਤ ਬੱਗੇ, ਰਾਕੇਸ਼ ਕੁਮਾਰ ਅਤੇ ਹੋਰ ਹਾਜਰ ਸਨ।

Share News / Article

Yes Punjab - TOP STORIES