ਯੈੱਸ ਪੰਜਾਬ
ਚੰਡੀਗੜ੍ਹ, 24 ਅਪ੍ਰੈਲ, 2022:
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਰਾਜ ਵਿੱਚ ਨਿੱਤ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਰੋਕਣ ਲਈ ਵੋਟਾਂ ਵੇਲੇ ਦਿੱਤੀ ਗਾਰੰਟੀ ਪੁਗਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਵੱਧ ਤਪਸ਼ ਕਾਰਨ ਕਣਕ ਦਾ ਝਾੜ ਘਟਣ ਸਬੰਧੀ ਕੀਤੇ ਸਰਵਿਆਂ ਦੇ ਆਧਾਰ ‘ਤੇ ਸੂਬਾ ਸਰਕਾਰ ਰਾਜ ਦੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦਾ ਤੁਰੰਤ ਐਲਾਨ ਕਰੇ।
ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਇਹ ਮੰਗ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਜਦੋਂ ਕੇਂਦਰ ਤੇ ਰਾਜ ਸਰਕਾਰ ਆਪੋ-ਆਪਣੇ ਸਰਵੇਖਣਾਂ ਵਿੱਚ ਮੰਨ ਚੁੱਕੀਆਂ ਹਨ ਕਿ ਐਤਕੀ ਹਾੜੀ ਦੌਰਾਨ 10-20 ਫੀਸਦ ਤੱਕ ਕਣਕ ਦੇ ਦਾਣੇ ਮਾਜੂ ਰਹਿਣ ਕਰਕੇ ਪ੍ਰਤੀ ਏਕੜ 6-10 ਕੁਇੰਟਲ ਝਾੜ ਘੱਟਣ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪੁੱਜਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤੀਆਂ ਗਾਰੰਟੀਆਂ ਅਤੇ ਕੀਤੇ ਵਾਅਦਿਆਂ ਮੁਤਾਬਕ ਤੁਰੰਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।
ਮਹਿਲਾ ਕਿਸਾਨ ਨੇਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਇਆ ਕਿ ਸਾਲ 2016 ਤੋਂ ਜਨਵਰੀ 2022 ਤੱਕ ਵੱਖ ਵੱਖ ਸਮਿਆਂ ਉਤੇ ਅਤੇ 29 ਅਕਤੂਬਰ 2021 ਨੂੰ ਲੁਧਿਆਣਾ ਵਿਖੇ ਆਯੋਜਿਤ “ਕਿਸਾਨਾਂ ਨਾਲ – ਕੇਜਰੀਵਾਲ ਦੀ ਗੱਲਬਾਤ” ਪ੍ਰੋਗਰਾਮ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਤੁਹਾਡੇ (ਭਗਵੰਤ ਮਾਨ) ਵੱਲੋਂ ਕਿਸਾਨਾਂ ਨੂੰ ਗਰੰਟੀ ਦਿੱਤੀ ਸੀ ਕਿ ਇਹ ਯਕੀਨੀ ਬਣਾਵਾਂਗੇ ਕਿ ਆਪ ਦੀ ਸਰਕਾਰ ਬਣਨ ਪਿੱਛੋਂ ਪਹਿਲੀ ਅਪ੍ਰੈਲ 2022 ਤੋਂ ਬਾਅਦ ਕਿਸੇ ਕਿਸਾਨ ਦੀ ਖੁਦਕਸ਼ੀ ਨਹੀਂ ਹੋਵੇਗੀ।
ਇਸ ਤੋਂ ਇਲਾਵਾ 11 ਸਤੰਬਰ 2016 ਦੀ ਮੋਗਾ ਰੈਲੀ ਮੌਕੇ ਪੰਜਾਬ ਵਿੱਚ ਨਵਾਂ ‘ਸਰ ਛੋਟੂ ਰਾਮ ਖੇਤੀ ਕਾਨੂੰਨ’ ਬਣਾਉਣ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਸਮੇਤ ਉਸ ਕਿਸਾਨ ਮੈਨੀਫੈਸਟੋ ਵਿੱਚ ਕਾਸ਼ਤਕਾਰਾਂ ਦੀ ਬਿਹਤਰੀ ਲਈ 31 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਸੀ ਅਤੇ 2022 ਦੀਆਂ ਚੋਣਾਂ ਮੌਕੇ ਪਾਰਟੀ ਮੈਨੀਫੈਸਟੋ ਵਿੱਚ ਕਿਸਾਨਾਂ ਨੂੰ ਵੱਡੀਆਂ ਗਾਰੰਟੀਆਂ ਲਿਖਤੀ ਦਿੱਤੀਆਂ ਹਨ ਪਰ ਆਮ ਆਦਮੀ ਬਣਕੇ ਵੱਡੇ ਵਾਅਦੇ ਕਰਨ ਵਾਲੇ ਨਵੇਂ ਸਜੇ ਨੇਤਾ ਚੋਣਾਂ ਜਿੱਤ ਕੇ ਹੁਣ ਸੱਤਾ ਦੇ ਨਸ਼ੇ ਵਿੱਚ ਕਿਸਾਨਾਂ ਦਾ ਦੁੱਖ-ਦਰਦ ਭੁੱਲ ਚੁੱਕੇ ਹਨ ਜਿਸ ਕਰਕੇ ਇਸ ਸਰਕਾਰ ਤੋਂ ਵੀ ਪੰਜਾਬ ਦੇ ਲੋਕਾਂ ਪੱਲੇ ਨਿਰਾਸ਼ਾ ਹੀ ਪਈ ਹੈ।
ਕਿਸਾਨ ਨੇਤਾ ਨੇ ਭਗਵੰਤ ਮਾਨ ਨੂੰ ਇਹ ਵੀ ਯਾਦ ਕਰਾਇਆ ਕਿ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਹੁੰਦਿਆਂ ਉਹ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਭੋਗਾਂ ਉੱਤੇ ਜਾ ਕੇ ਹਮਦਰਦੀ ਪ੍ਰਗਟਾਉਣ ਮੌਕੇ ਅਤੇ ਸੰਸਦ ਵਿੱਚ ਭਾਸ਼ਣ ਦੇਣ ਮੌਕੇ ਤੱਤਕਾਲੀ ਸਰਕਾਰਾਂ ਨੂੰ ਪਾਣੀ ਪੀ-ਪੀ ਕੋਸਦੇ ਰਹੇ ਹਨ ਪਰ ਹੁਣ ਆਪਣੀ ਸਰਕਾਰ ਬਣਨ ਪਿੱਛੋਂ ਰੋਜ਼ਾਨਾ ਹੋ ਰਹੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਉਤੇ ਉਨ੍ਹਾਂ ਕਿਉਂ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਹੁਣ ਤੱਕ ਦਰਜਨ ਤੋਂ ਉੱਪਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਸੱਤ ਕਿਸਾਨਾਂ ਨੇ ਖੁਦਕਸ਼ੀਆਂ ਤਾਂ ਕਣਕ ਦੀ ਘੱਟ ਪੈਦਾਵਾਰ ਨਾਲ ਹੋਏ ਨੁਕਸਾਨ ਕਰਕੇ ਕੀਤੀਆਂ ਹਨ।
ਬੀਬੀ ਰਾਜੂ ਨੇ ਮੰਗ ਕੀਤੀ ਹੈ ਕਿ ਕੋਲੇ ਅਤੇ ਬਿਜਲੀ ਦੇ ਤਾਜ਼ਾ ਸੰਕਟ ਨੂੰ ਦੇਖਦਿਆਂ ਭਗਵੰਤ ਮਾਨ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਕਾਸ਼ਤ ਲਈ ਖੇਤੀ ਟਿਊਬਵੈੱਲਾਂ ਖਾਤਰ 24 ਘੰਟੇ ਬਿਜਲੀ ਦੇਣ ਦੇ ਅਗਾਊਂ ਪ੍ਰਬੰਧ ਕਰਨ ਅਤੇ ਮੈਨੀਫੈਸਟੋ ਵਿੱਚ ਦਿੱਤੀਆਂ ਗਰੰਟੀਆਂ ਮੁਤਾਬਿਕ ਕਿਸਾਨਾਂ ਨੂੰ ਮਿਆਰੀ ਅਤੇ ਸੁਧਰੇ ਬੀਜ ਉਪਲਬਧ ਕਰਵਾਉਣ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ