ਯੈੱਸ ਪੰਜਾਬ
ਬਠਿੰਡਾ, 23 ਦਸੰਬਰ, 2021:
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਦੇ ਅਧਿਕਾਰੀਆਂ ਲਈ ਹਫ਼ਤਾ ਭਰ ਚੱਲਿਆ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਅੱਜ ਕੈਂਪਸ ਵਿਖੇ ਸਮਾਪਤ ਹੋਇਆ।
ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿੰਗ ਦੁਆਰਾ ਇੰਪੈਨਲਡ ਟਰੇਨਿੰਗ ਇੰਸਟੀਚਿਊਟ (ਈ.ਟੀ.ਆਈ.) ਦੀ ਅਗਵਾਈ ਹੇਠ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈ.ਡੀ.ਸੀ.) ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਪਾਂਸਰ ਕੀਤਾ ਗਿਆ ਸੀ।
ਹਫ਼ਤਾ ਭਰ ਚੱਲੇ ਇਸ ਪ੍ਰੋਗਰਾਮ ਦੌਰਾਨ, ਐਨ.ਐਸ.ਐਸ. ਦੇ ਆਦੇਸ਼, ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਬਠਿੰਡਾ ਵਿਖੇ 10 ਸਾਲਾਂ ਦੇ ਵਕਫ਼ੇ ਤੋਂ ਬਾਅਦ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਉੱਘੇ ਸਿੱਖਿਆ ਸ਼ਾਸਤਰੀਆਂ, ਕੇਂਦਰ ਅਤੇ ਰਾਜ ਦੇ ਸਰਕਾਰੀ ਅਧਿਕਾਰੀਆਂ ਨੇ ਭਾਗੀਦਾਰਾਂ ਨਾਲ ਸੜਕ ਸੁਰੱਖਿਆ, ਟਿਕਾਊ ਵਾਤਾਵਰਣ ਅਤੇ ਐਨ.ਐਸ.ਐਸ. ਦੀਆਂ ਸਕੀਮਾਂ ਸਮੇਤ ਸਮਾਜਿਕ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।
ਇਸ ਪ੍ਰੋਗਰਾਮ ਦੌਰਾਨ ਮੁੱਖ ਬੁਲਾਰੇ ਪ੍ਰੋ.(ਡਾ.) ਸਤਿਆ ਵੀਰ ਮਲਿਕ, ਡਾ.ਰਬਿੰਦਰ ਪਾਲ, ਡਾ.ਮੀਨੂੰ ਅਤੇ ਸ਼੍ਰੀ ਕੁਲਵਿੰਦਰ ਸਿੰਘ ਸਨ।
ਪ੍ਰੋ.(ਡਾ.) ਸੱਤਿਆ ਵੀਰ ਮਲਿਕ ਅਤੇ ਡਾ: ਰਬਿੰਦਰ ਪਾਲ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਅਤੇ ਵੱਖ-ਵੱਖ ਸਮਾਜਿਕ ਅਤੇ ਵਾਤਾਵਰਨ ਸਮੱਸਿਆਵਾਂ ਬਾਰੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਫੈਲਾਉਣ ।
ਡਾ. ਮੀਨੂੰ, ਕੋਆਰਡੀਨੇਟਰ ਐਨ.ਐਸ.ਐਸ. ਨੇ ਔਰਤਾਂ ਦੇ ਸਸ਼ਕਤੀਕਰਨ, ਲਿੰਗ ਸਮਾਨਤਾ, ਔਰਤਾਂ ਸਾਹਮਣੇ ਚੁਣੌਤੀਆਂ, ਔਰਤਾਂ ਵਿਰੁੱਧ ਹਿੰਸਾ ਅਤੇ ਔਰਤਾਂ ਨਾਲ ਸਬੰਧਤ ਹੋਰ ਮੁੱਦਿਆਂ ‘ਤੇ ਚਾਨਣਾ ਪਾਇਆ।
ਬਠਿੰਡਾ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰੀ ਕੁਲਵਿੰਦਰ ਸਿੰਘ ਨੇ ਐਨ.ਐਸ.ਐਸ. ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸ੍ਰੀ ਨਰੇਸ਼ ਪਠਾਨੀਆ, ਮਾਸਟਰ ਟਰੇਨਰ ਰੈੱਡ ਕਰਾਸ ਬਠਿੰਡਾ ਨੇ ਫਸਟ-ਏਡ ਦਾ ਪ੍ਰਦਰਸ਼ਨ ਕੀਤਾ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਸਨ। ਉਨ੍ਹਾਂ ਪ੍ਰੋਗਰਾਮ ਅਫਸਰਾਂ ਦੇ ਸਰਵਪੱਖੀ ਵਿਕਾਸ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਸਮਾਜ ਪ੍ਰਤੀ ਭੂਮਿਕਾ ਬਾਰੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਦਿਮਾਗ ਨੂੰ ਜ਼ਿੰਮੇਵਾਰ ਅਤੇ ਚੇਤੰਨ ਨਾਗਰਿਕ ਬਣਾਉਣ ਲਈ ਅਧਿਆਪਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਆਚਰਣ ਅਤੇ ਵਿਵਹਾਰ ਵੱਲ ਨਿੱਜੀ ਧਿਆਨ ਦੇ ਕੇ ਨੌਜਵਾਨਾਂ ਨੂੰ ਭਟਕਣ ਅਤੇ ਨਕਾਰਾਤਮਕ ਔਗੁਣਾਂ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸਮਾਜਿਕ ਮੁੱਦਿਆਂ ਅਤੇ ਵਿਸ਼ਿਆਂ ‘ਤੇ ਵਿਆਪਕ ਚਰਚਾ ਕੀਤੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ