ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਯੂ.ਜੀ.ਸੀ.ਦੀ ਸੂਚੀ ’ਚ ਸ਼ਾਮਿਲ, ਡਿਗਰੀਆਂ ਪ੍ਰਦਾਨ ਕਰਨ ਦੀ ਆਗਿਆ ਮਿਲੀ

ਚੰਡੀਗੜ, 9 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਨਾਮੱਤੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੰਦੇ ਹੋਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੂੰ ਆਪਣੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜੋ ਕਿ ਯੂ.ਜੀ.ਸੀ. ਐਕਟ 1956 ਦੀ ਧਾਰਾ 2(ਐਫ) ਦੇ ਅਨੁਸਾਰ ਬਣੀ ਹੈ।

ਯੂ.ਜੀ.ਸੀ. ਨੇ ਯੂਨੀਵਰਸਿਟੀ ਨੂੰ ਆਪਣੇ ਵਿਭਾਗਾਂ, ਸਬੰਧਤ ਕਾਲਜਾਂ ਜਾਂ ਇਸ ਨਾਲ ਐਫਲੀਏਟਡ ਕਾਲਜਾਂ ਰਾਹੀਂ ਰੈਗੂਲਰ ਤਰੀਕੇ ਨਾਲ ਕੋਰਸ ਕਰਵਾ ਕੇ ਡਿਗਰੀਆਂ ਪ੍ਰਦਾਨ ਕਰਨ ਦੀ ਆਗਿਆ ਦੇ ਦਿੱਤੀ ਹੈ। ਲੋੜ ਦੇ ਅਨੁਸਾਰ ਕਾਨੂੰਨੀ ਸੰਸਥਾਵਾਂ/ਕੌਂਸਲਾਂ ਦੀ ਪ੍ਰਵਾਨਗੀ ਨੂੰ ਜ਼ਰੂਰੀ ਬਣਾਇਆ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯੂ.ਜੀ.ਸੀ. ਨੇ ਯੂਨੀਵਰਸਿਟੀਆਂ ਦੀ ਆਪਣੀ ਸੂਚੀ ਵਿੱਚ ਇਸਨੂੰ ਸ਼ਾਮਲ ਕਰ ਲਿਆ ਹੈ ਅਤੇ ਇਸਨੂੰ ਆਪਣੀ ਵੈੱਬਸਾਈਟ www.ugc.ac.in ’ਤੇ ਪਾ ਦਿੱਤਾ ਹੈ।

ਯੂ.ਜੀ.ਸੀ. ਨੇ ਸੂਬਾ ਸਰਕਾਰ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਇਸਦੀ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਸਿਰਫ਼ ਆਪਣੇ ਇਲਾਕਾਈ ਅਧਿਕਾਰ ਖੇਤਰ ਵਿੱਚ ਕਾਰਜ ਕਰ ਸਕਦੀ ਹੈ ਜੋ ਕਿ ਐਕਟ ਦੇ ਹੇਠ ਇਸਨੂੰ ਅਲਾਟ ਕੀਤਾ ਗਿਆ ਹੈ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਇਸ ਐਕਟ ਅਧੀਨ ਅਲਾਟ ਕੀਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਕੋਈ ਆਫ਼-ਕੈਂਪਸ ਸੈਂਟਰ ਸ਼ੁਰੂ ਨਹੀਂ ਕਰੇਗੀ ਜਿਸ ਨਾਲ ਇਸ ਲਈ ਯੂ.ਜੀ.ਸੀ. ਦੇ ਸਾਰੇ ਕਾਇਦੇ – ਕਾਨੂੰਨ ਮੰਨਣਾ ਜ਼ਰੂਰੀ ਹੋ ਜਾਂਦਾ ਹੈ।

ਯੂਨੀਵਰਸਿਟੀ ਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ ਕਿ ਪ੍ਰਾਈਵੇਟ ਸੰਸਥਾਵਾਂ ਨਾਲ ਫਰੈਂਚਾਇਜ਼ਿੰਸ ਜ਼ਰੀਏ ਕਿਸੇ ਪ੍ਰੋਗਰਾਮ ਦੀ ਪੇਸ਼ਕਸ਼ ਨਹੀਂ ਕੀਤੀ ਗਈ ਅਤੇ ਇਹ ਕਿ ਯੂਨੀਵਰਸਿਟੀ ਦੁਆਰਾ ਫਰੈਂਚਾਇਜਸ ਜ਼ਰੀਏ ਕੋਈ ਸਟੱਡੀ ਸੈਂਟਰ ਨਹੀਂ ਖੋਲਿਆ ਗਿਆ।

ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਯੂਨੀਵਰਸਿਟੀ ਵੱਲੋਂ ਸੂਬੇ ਤੋਂ ਬਾਹਰ ਪਹਿਲਾਂ ਹੀ ਸ਼ੁਰੂ ਕੀਤੇ ਗਏ ਆਫ਼ ਕੈਂਪਸ/ਸਟੱਡੀ ਸੈਂਟਰ ਜਾਂ ਫਰੈਂਚਾਇਜਿੰਸ ਜ਼ਰੀਏ ਚਲਾਏ ਜਾ ਰਹੇ ਸੈਂਟਰ ਤੁਰੰਤ ਬੰਦ ਕਰ ਦਿੱਤੇ ਜਾਣਗੇ।

ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਯੂ.ਜੀ.ਸੀ. ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਡਿਸਟੈਂਸ ਐਜੂਕੇਸ਼ਨ ਪੋ੍ਰਗਰਾਮ ਸ਼ੁਰੂ ਨਹੀਂ ਕੀਤਾ ਜਾਵੇਗਾ। ਐਮ.ਫਿਲ/ਪੀ.ਐਚ.ਡੀ. ਪੋ੍ਰਗਰਾਮ ਯੂ.ਜੀ.ਸੀ. ਰੈਗੂਲੇਸ਼ਨਜ਼, 2016 ਦੀਆਂ ਸ਼ਰਤਾਂ ਅਨੁਸਾਰ ਚਲਾਏ ਜਾ ਸਕਦੇ ਹਨ।

ਕਾਬਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਯੂਨੀਵਰਸਿਟੀ ਦੀ ਸਥਾਪਨਾ ਦੇ ਫੈਸਲੇ ਦਾ ਐਲਾਨ ਪੰਜਾਬ ਵਿਧਾਨ ਸਭਾ ਵਿਖੇ 19 ਜੂਨ, 2017 ਨੂੰ ਕੀਤਾ ਸੀ। ਇਸ ਤੋਂ ਬਾਅਦ ਆਲਮੀ ਦਰਜੇ ਦੀ ਇਸ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਰੂਪ-ਰੇਖਾ ਤਿਆਰ ਕਰਨ ਲਈ ਓਲੰਪੀਅਨ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਦੀ ਅਗਵਾਈ ਹੇਠ ਇੱਕ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ।

ਪੰਜਾਬ ਮੰਤਰੀ ਮੰਡਲ ਵੱਲੋਂ 6 ਜੂਨ, 2019 ਨੂੰ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ-2019 ਨੂੰ ਮਨਜ਼ੂਰੀ ਦਿੱਤੀ ਗਈ ਜਿਸ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ। ਇਸ ਸਬੰਧੀ ਨੋਟੀਫਿਕੇਸ਼ਨ 22 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ ਅਤੇ 1 ਸਤੰਬਰ, 2019 ਤੋਂ ਇਸਦਾ ਵਿੱਦਿਅਕ ਸ਼ੈਸ਼ਨ ਸ਼ੁਰੂ ਹੋ ਗਿਆ ਹੈ ਜਿਵੇਂ ਕਿ ਬੀਤੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੰਚਾਲਨ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ।

ਇਹ ਯੂਨੀਵਰਸਿਟੀ ਸਪੋਰਟਸ ਸਾਇੰਸ, ਸਪੋਰਟਸ ਤਕਨਾਲੋਜੀ, ਸਪੋਰਟਸ ਪ੍ਰਬੰਧਨ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਸਥਾਪਤ ਕੀਤੀ ਗਈ ਹੈ। ਇਸ ਵਿੱਚ ਖੇਡਾਂ ਆਧਾਰਿਤ ਸਿੱਖਿਆ, ਸਿਖਲਾਈ ਅਤੇ ਖੋਜ ਖੇਤਰਾਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਉੱਚ ਪੱਧਰੀ ਬੁਨਿਆਦੀ ਢਾਂਚੇ ’ਤੇ ਆਧਾਰਤ ਹੈ ਜਿਸ ਵਿੱਚ ਸਰੀਰਿਕ ਸਿੱਖਿਆ ਅਤੇ ਸਪੋਰਟਸ ਸਾਇੰਸਿਜ਼ ਦੇ ਖੇਤਰਾਂ ਨਾਲ ਸਬੰਧਤ ਹੋਰ ਸੰਸਥਾਵਾਂ ਨੂੰ ਪੇਸ਼ੇਵਰ ਅਤੇ ਅਕਾਦਮਿਕ ਲੀਡਰਸ਼ਿਪ ਮੁਹੱਈਆ ਕਰਾਈ ਜਾਵੇਗੀ।

ਇਹ ਯੂਨੀਵਰਸਿਟੀ ਸਾਰੀਆਂ ਖੇਡਾਂ ਦੇ ਹੁਨਰਮੰਦ ਖਿਡਾਰੀਆਂ ਦੇ ਲਈ ਇਕ ਅਤਿ-ਉੱਤਮ ਕੇਂਦਰ ਵਜੋਂ ਸੇਵਾ ਨਿਭਾਏਗੀ ਅਤੇ ਖੋਜ ਨੂੰ ਅੱਗੇ ਲਿਜਾਣ ਵਿੱਚ ਯੋਗਦਾਨ ਦੇਵੇਗੀ। ਇਹ ਗਿਆਨ ਹੁਨਰ ਦੇ ਵਿਕਾਸ ਲਈ ਸਮਰੱਥਾਵਾਂ ਪੈਦਾ ਕਰੇਗੀ ਅਤੇ ਸਪੋਰਟਸ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਸਮਰੱਥਾ ਅਤੇ ਸਾਰੀਆਂ ਖੇਡਾਂ ਦੇ ਵਾਸਤੇ ਉੱਚ ਕਾਰਗੁਜ਼ਾਰੀ ਸਿਖਲਾਈ ਉਪਲੱਬਧ ਕਰਾਏਗੀ।

Share News / Article

Yes Punjab - TOP STORIES