ਮਨੀਸ਼ ਤਿਵਾੜੀ ਨੇ ਧਨਾਸ ਕਲੋਨੀ ਵਿਖੇ ਸਮਾਲ ਫਲੈਟਸ ਕੰਪਲੈਕਸ ਨੂੰ ਓਪਨ ਏਅਰ ਜਿਮਨੇਜ਼ੀਅਮ ਸਮਰਪਿਤ ਕੀਤਾ

ਯੈੱਸ ਪੰਜਾਬ
ਚੰਡੀਗੜ੍ਹ, 11 ਮਈ, 2022 –
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਧਨਾਸ ਕਲੋਨੀ ਸਥਿਤ ਸਮਾਲ ਫਲੈਟਸ ਕੰਪਲੈਕਸ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਅਪੀਲ ’ਤੇ ਉਨ੍ਹਾਂ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਓਪਨ ਏਅਰ ਜਿਮਨੇਜ਼ੀਅਮ ਭੇਟ ਕੀਤਾ ਗਿਆ। ਤਿਵਾੜੀ ਨੇ ਮਨੀਮਾਜਰਾ ਵਿਖੇ ਜਾਟ ਸਭਾ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੀਸੀਟੀਵੀ ਸਿਸਟਮ ਨੂੰ ਵੀ ਲੋਕ ਅਰਪਣ ਕੀਤਾ, ਜਿਸਦਾ ਉਦੇਸ਼ ਇਲਾਕੇ ਦੇ ਲੋਕਾਂ ਦੇ ਹਿੱਤ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਹੀ ਪੈਦਾ ਹੋਏ, ਵੱਡੇ ਹੋਏ ਅਤੇ ਪੜ੍ਹੇ। ਅਜਿਹੀ ਸਥਿਤੀ ਵਿੱਚ ਉਹ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਨਕਾਰਨ ਤੋਂ ਅਸਮਰੱਥ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ 40 ਸਾਲ ਸਿਆਸੀ ਅਤੇ ਸਮਾਜਿਕ ਤੌਰ ‘ਤੇ ਕੰਮ ਕੀਤਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਜੋ ਵੀ ਪ੍ਰਾਪਤ ਕਰ ਸਕੇ, ਉਸਦੀ ਨੀਂਹ 1960 ਦੇ ਆਖਰੀ ਦੌਰ ਅਤੇ 1970 ਦੇ ਦਹਾਕੇ ਵਿਚ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।

ਤਿਵਾੜੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਿੱਥੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ, ਉੱਥੇ ਉਹ ਇਹ ਯਕੀਨੀ ਬਣਾਉਣਗੇ ਕਿ ਚੰਡੀਗੜ੍ਹ ਨੂੰ ਲੋਕ ਹਿੱਤ ਵਿੱਚ ਉੱਤਰੀ ਭਾਰਤ ਦੀ ਆਰਥਿਕਤਾ ਦਾ ਧੁਰਾ ਬਣਾਇਆ ਜਾਵੇ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਸਮੇਤ ਖੇਤਰ ਵਿੱਚ ਵੱਡਾ ਸਥਾਨ ਹਾਸਲ ਕਰ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਗਦੀਪ ਚੌਧਰੀ, ਉੱਘੇ ਮਜ਼ਦੂਰ ਆਗੂ ਸ਼ਸ਼ੀ ਸ਼ੰਕਰ ਤਿਵਾੜੀ, ਵਸੀਮ ਮੀਰ, ਇਮਰਾਨ ਮਨਸੂਰੀ, ਜਾਟ ਮਹਾਂਸਭਾ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਸੁਰਜੀਤ ਢਿੱਲੋਂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਗਾਬਾ, ਮਤਲੂਬ ਖਾਨ, ਹਰੀਸ਼. ਕੁਮਾਰ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ