ਮਨੀਸ਼ ਤਿਵਾੜੀ ਵੱਲੋਂ ਕੋਰੋਨਾ ਦੇ ਟਾਕਰੇ ਲਈ ਅਖ਼ਤਿਆਰੀ ਫੰਡ ਵਿਚੋਂ 85 ਲੱਖ ਰੁਪਏ ਦੇਣ ਦਾ ਐਲਾਨ

ਮੋਹਾਲੀ, 28 ਮਾਰਚ, 2020 –

ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਹਲਕਾ ਨਿਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ, ਉਨਾਂ ਦੀਆਂ ਸੁਵਿਧਾਵਾਂ ਲਈ ਜਿਲਾ ਰੂਪਨਗਰ, ਮੁਹਾਲੀ ਤੇ ਨਵਾਂਸ਼ਹਿਰ ਪ੍ਰਸ਼ਾਸਨ ਨੂੰ ਅਪਣੇ ਐਮੀਪੀ ਕੋਟੇ ਚੋ 25-25 ਲੱਖ ਤੇ ਐਸਡੀਐਮ ਗੜਸ਼ੰਕਰ ਨੂੰ 10 ਲੱਖ ਰੁਪਇਆ, ਦੇਣ ਦਾ ਐਲਾਨ ਕੀਤਾ, ਜਿਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਅੱਜ ਹੀ ਚਿਠੀਆਂ ਪਹੁੰਚ ਗਈਆਂ ਹਨ।

ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਵਾਇਰਸ ਅਜੇ ਲਾਇਲਾਜ ਹੈ, ਜਿਸ ਸਬੰਧੀ ਪ੍ਰਹੇਜ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲਾਕ ਡਾਉਨ ਕਰਨਾ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਜਾ ਨਹੀਂ, ਤੇ ਨਾ ਹੀ ਸਾਨੂੰ ਨਜਾਇਜ ਸਾਡੇ ਘਰਾਂ ਵਿਚ ਡੱਕਿਆ ਹੋਇਆ ਹੈ, ਬਲਕਿ ਦੇਸ਼ ਵਾਸੀਆਂ ਦੀ ਸਿਹਤ ਦੇ ਬਚਾਅ ਲਈ ਇਹੀ ਇਕ ਅਖਰੀ ਇਲਾਜ ਹੈ।

ਕਿਉਂਕਿ ਕੋਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਛੂਹਣ ਕਾਰਨ ਫੈਲ ਸਕਦੀ ਹੈ। ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਬਿਮਾਰੀ ਦਾ ਅਜੇ ਕੋਈ ਹੱਲ ਨਹੀਂ ਹੈ, ਉਦੋ ਤੱਕ ਸਾਡੇ ਜੀਵਨ ਨੂੰ ਪ੍ਰਹੇਜ ਨਾਲ ਹੀ ਇਸ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਕ ਦੂਸਰੇ ਦੇ ਟੱਚ ਤੋਂ ਬਚਣ ਲਈ ਸਰਕਾਰ ਨੂੰ ਇਹ ਚੈਨ ਤੋੜਨੀ ਬਹੁਤ ਜਰੂਰੀ ਬਣ ਗਈ ਸੀ, ਜਿਸ ਕਾਰਨ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਦੇਸ਼ ਲਾਕ ਡਾਉਨ ਕਰਨਾ ਪਿਆ।

ਇਸ ਤੋਂ ਇਲਾਵਾ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਇਨ੍ਹਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਰਫਿਊ ਪਾਸ ਦੀ ਮੰਗ ਕਰਨ ਵਾਲੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਹੁਤ ਹੀ ਜਰੂਰੀ ਹੈ, ਤਾਂ ਕਰਫਿਊ ਪਾਸ ਦੀ ਮੰਗ ਕੀਤੀ ਜਾ ਸਕਦੀ ਹੈ, ਜੋ ਸਾਥੀ ਸਿਰਫ ਕਰਫਿਊ ਦੌਰਾਨ ਘੁੰਮਣ ਫਿਰਨ ਲਈ ਹੀ ਪਾਸ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹੀ ਮੰਗ ਨਹੀਂ ਕਰਨੀ ਚਾਹੀਦੀ, ਕਿਉਂਕਿ ਨਜਾਇਜ ਪਾਸ ਬਣਵਾ ਕੇ ਲਾਕ ਡਾਉਨ ਦੀ ਉਲੰਘਣਾ ਕਰਨਾ ਦੇਸ਼ ਵਾਸੀਆਂ ਤੇ ਆਂਡੀ ਗੁਆਢੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ, ਜੋ ਸਾਨੂੰ ਨਹੀਂ ਕਰਨਾ ਚਾਹੀਦਾ ਹੈ।

ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ, ਤੇ ਪੰਜਾਬ ਸਰਕਾਰ ਵਲੋਂ ਜੋ ਵੀ ਹਿਦਾਇਤਾਂ ਆਉਂਦੀਆਂ ਹਨ ਉਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਧਿਆਨ ਦਿੱਤਾ ਜਾਵੇ, ਤਾਂ ਜੋ ਸਾਡੇ ਕਿਸੇ ਵੀ ਸਾਥੀ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES