ਮਨਪ੍ਰੀਤ ਬਾਦਲ ਤੇ ਸਿੰਗਲਾ ਦੀ ਅਗਵਾਈ ਹੇਠ ‘ਇਨਵੈਸਟ ਪੰਜਾਬ’ ਦਾ ਵਫ਼ਦ ਮੁੰਬਈ ਵਿਚ ਟਾਟਾ ਤੇ ਹਿੰਦੂਜਾ ਗਰੁੱਪ ਨੂੰ ਮਿਲਿਆ

ਮੁੰਬਈ, 25 ਸਤੰਬਰ, 2019 –

ਪੰਜਾਬ ਸਰਕਾਰ ਨੇ ਟਾਟਾ ਗਰੁੱਪ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ੀ ਤੇ ਘਰੇਲੂ ਉਡਾਣਾਂ ਨਵੀਆਂ ਸ਼ੁਰੂ ਕਰਨ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗਰੁੱਪ ਮੁਹਾਲੀ ਤੋਂ ਸਿੰਗਾਪੁਰ ਤੇ ਲੰਡਨ ਅਤੇ ਮੁਹਾਲੀ ਤੋਂ ਅੰਮਿ੍ਰਤਸਰ ਤੇ ਜੈਪੁਰ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕਰੇ। ਟਾਟਾ ਗਰੁੱਪ ਨੇ ਸੂਬਾ ਸਰਕਾਰ ਵੱਲੋਂ ਦਿਖਾਈ ਦਿਲਚਸਪੀ ’ਤੇ ਸਕਰਾਤਮਕ ਰਵੱਈਆ ਰੱਖਦਿਆਂ ਇਸ ਉਪਰ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਹੈ।

ਇਹ ਮੰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰਾ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫਦ ਵੱਲੋਂ ਮੁੰਬਈ ਵਿਖੇ ਟਾਟਾ ਸੰਨਜ਼ ਦੇ ਪ੍ਰਧਾਨ (ਬੁਨਿਆਦੀ ਢਾਂਚਾ, ਰੱਖਿਆ ਤੇ ਐਰੋਸਪੇਸ) ਬਨਮਾਲੀ ਅਗਰਾਵਾਲਾ ਅਤੇ ਟਾਟਾ ਪਾਵਰ ਲਿਮਟਿਡ ਦੇ ਸੀ.ਈ.ਓ. ਤੇ ਐਮ.ਡੀ. ਪ੍ਰਵੀਰ ਸਿਨਹਾ ਨਾਲ ਕੀਤੀ ਮੀਟਿੰਗ ਦੌਰਾਨ ਰੱਖੀ ਗਈ।

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਲਈ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਸੱਦਾ ਪੱਤਰ ਦੇਣ ਦੇ ਸਿਲਸਿਲੇ ਵਜੋਂ ਇਨਵੈਸਟ ਪੰਜਾਬ ਦੇ ਤਿੰਨ ਰੋਜ਼ਾ ਮੰੁਬਈ ਦੌਰੇ ਮੌਕੇ ਟਾਟਾ ਗਰੁੱਪ ਨਾਲ ਮੀਟਿੰਗ ਕਰਦਿਆਂ ਵਿੱਤ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਪੰਜਾਬੀਆਂ ਦੇਖਦਿਆਂ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਜ਼ਰੂਰਤ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਤੋਂ ਲੰਡਨ ਤੇ ਸਿੰਗਾਪੁਰ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਥਾਹ ਸਮਰੱਥਾ ਹੋਣ ਕਰਕੇ ਇਨ੍ਹਾਂ ਨੂੰ ਬਹੁਤ ਭਰਵਾਂ ਹੁਲਾਰਾ ਮਿਲੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਅੰਮਿ੍ਰਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਆਉਂਦੇ ਹਨ ਜਿਸ ਲਈ ਇਸ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸੂਬੇ ਦੀ ਰਾਜਧਾਨੀ ਨਾਲ ਹਵਾਈ ਰਾਸਤੇ ਨਾਲ ਸਿੱਧਾ ਜੋੜਨ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਇਸੇ ਤਰ੍ਹਾਂ ਪੰਜਾਬ, ਚੰਡੀਗੜ੍ਹ ਦੇ ਨਾਲ ਰਾਜਸਥਾਨ ਆਉਣ ਵਾਲੇ ਸੈਲਾਨੀਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਮੁਹਾਲੀ ਤੋਂ ਜੈਪੁਰ ਨੂੰ ਘੱਟ ਖਰਚੇ ਵਾਲੀ ਉਡਾਣ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਸੂਬਾ ਸਰਕਾਰ ਦੀ ਮੰਗ ਦੇ ਨਾਲ ਟਾਟਾ ਗਰੁੱਪ ਵੀ ਕੇਂਦਰੀ ਹਵਾਬਾਜ਼ੀ ਮੰਤਰਾਲੇ ਕੋਲ ਪਹੁੰਚ ਕਰੇ। ਟਾਟਾ ਗਰੁੱਪ ਵੱਲੋਂ ਪੰਜਾਬ ਸਰਕਾਰ ਦੀ ਇਸ ਮੰਗ ਉਤੇ ਸਕਰਤਾਮਕ ਵਿਚਾਰ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ।

ਇਸ ਤੋਂ ਇਲਾਵਾ ਸ੍ਰੀ ਬਾਦਲ ਤੇ ਸ੍ਰੀ ਸਿੰਗਲਾ ਦੀ ਅਗਵਾਈ ਵਿੱਚ ਵਫਦ ਵੱਲੋਂ ਹਿੰਦੂਜਾ ਗਰੁੱਪ ਗੋਪੀਚੰਦ ਪੀ ਹਿੰਦੂਜਾ, ਅਸ਼ੋਕ ਹਿੰਦੂਜਾ ਤੇ ਪ੍ਰਕਾਸ਼ ਪੀ ਹਿੰਦੂਜਾ ਨਾਲ ਭੇਟ ਕਰ ਕੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਦਸੰਬਰ ਮਹੀਨੇ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ-2019 ਵਿੱਚ ਸ਼ਾਮਲ ਲਈ ਸੱਦਾ ਪੱਤਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸੂਬਾ ਸਰਕਾਰ ਦੀ ਹਿੰਦੂਜਾ ਗਰੁੱਪ ਨਾਲ ਇਲੈਕਟ੍ਰੀਕਲ ਵਾਹਨਾਂ ਦੇ ਮਾਮਲੇ ਵਿੱਚ ਸਾਂਝ ਉਪਰ ਚਰਚਾ ਹੋਈ ਅਤੇ ਵਫਦ ਵੱਲੋਂ ਗਰੁੱਪ ਅੱਗੇ ਮੰਗ ਰੱਖੀ ਗਈ ਕਿ ਉਹ ਉਦਯੋਗਾਂ ਨੂੰ ਵਿੱਤੀ ਮਾਮਲਿਆਂ ਵਿੱਚ ਆਪਣੀ ਮੱਦਦ ਮੁਹੱਈਆ ਕਰਵਾਏ।

ਵਫਦ ਵਿੱਚ ਇਨਵੈਸਟ ਪੰਜਾਬ ਅਤੇ ਉਦਯੋਗ ਤੇ ਵਣਜ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ, ਜੁਆਇੰਟ ਸੀ.ਈ.ਓ. ਅਵਨੀਤ ਕੌਰ, ਚੀਫ ਇਲੈਕਟ੍ਰੀਕਲ ਇੰਸਪੈਕਟਰ ਅਰੁਨਜੀਤ ਸਿੰਘ ਸਿੱਧੂ ਤੇ ਡੀ.ਜੀ.ਐਮ. ਗੌਰਵ ਖੰਨਾ ਵੀ ਸ਼ਾਮਲ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES