ਮਨਜੀਤ ਧਨੇਰ ਦੇ ਹੱਕ ’ਚ ਪਟਿਆਲਾ ’ਚ ਲੱਗਾ ਪੱਕਾ ਮੋਰਚਾ, ਐਤਵਾਰ ਨੂੰ ਮੋਤੀ ਮਹਿਲ ਵੱਲ ਕੂਚ ਕਰਨ ਦਾ ਐਲਾਨ

ਪਟਿਆਲਾ – 21 ਸਤੰਬਰ, 2019:

22 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਉੱਤੇ ਵਾਪਰੇ ਘਿਨਾਉਣੇ ਕਿਰਨਜੀਤ ਕੌਰ ਮਹਿਲਕਲਾਂ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਕਿਸਾਨਾਂ ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਤਬਕਿਆਂ ਲਈ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆਗੂ ਰੋਲ ਨਿਭਾਉਣ ਵਾਲੇ ਮਨਜੀਤ ਧਨੇਰ ਨੂੰ ਅਦਾਲਤੀ ਪ੍ਰਬੰਧ ਦੀ ਸਿਖ਼ਰਲੀ ਪੌੜੀ ਵੱਲੋਂ 3 ਸਤੰਬਰ 2019 ਨੂੰ ਉਮਰਕੈਦ ਸਜ਼ਾ ਬਹਾਲ ਰੱਖਕੇ ਜੂਝਣ ਵਾਲੇ ਕਾਫ਼ਲਿਆਂ ਲਈ ਵੱਡੀ ਚੁਣੌਤੀ ਸੁੱਟੀ ਹੈ।

ਇਸ ਵਡੇਰੀ ਚੁਣੌਤੀ ਦਾ ਪੂਰੀ ਸਿਦਕਦਿਲੀ ਨਾਲ ਵਿਸ਼ਾਲ ਸਾਂਝੇ ਜਥੇਬੰਦਕ ਏਕੇ ਨਾਲ ਟਾਕਰਾ ਕਰਨਾ ਸਮੇਂ ਦੀ ਭਖਵੀਂ ਅਤੇ ਵੱਡੀ ਮੰਗ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਿਹਨਾਂ ਲੋਕ ਆਗੂਆਂ ਨੇ ਔਰਤਾਂ ਸਮੇਤ ਦੱਬੇ ਕੁਚਲੇ ਲੋਕਾਂ, ਆਦਿਵਾਸੀਆਂ, ਦਲਿਤਾਂ ਘੱਟ ਗਿਣਤੀ ਕੌਮਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਹਾਕਮਾਂ ਵੱਲੋਂ ਉਹਨਾਂ ਨੂੰ ਜੇਲ੍ਹਾਂ ’ਚ ਸੁੱਟਣਾਂ, ਸਜ਼ਾਵਾਂ ਦੇਣਾ ਇਸ ਲੋਕ ਦੋਖੀ ਢਾਂਚੇ ਦਾ ਦਸਤੂਰ ਰਿਹਾ ਹੈ।

ਪਰ ਦੂਸਰੇ ਪਾਸੇ ਲੋਕਤਾ ਦਾ ਸੰਘਰਸ਼ਾਂ ਦਾ ਸ਼ਾਨਾਂਮੱਤਾ ਇਤਿਹਾਸ ਵੀ ਹੈ ਜੋ ਲੱਖ ਜ਼ਬਰ ਜ਼ੁਲਮ ਦੀ ਚੁਣੌਤੀ ਦੇ ਬਾਵਾਜੂਦ ਸੰਘਰਸ਼ ਦੇ ਸੂਹੇ ਪਰਚਮ ਨੂੰ ਬੁਲੰਦ ਕਰ ਰਹੇ ਹਨ ਅਤੇ ਹੁਣ ਵੀ ਇਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਸੁਖਦੇਵ ਸਿੰਘ ਕੋਕਰੀਕਲਾਂ, ਨਿਰਭੈ ਸਿੰਘ ਢੁੱਡੀਕੇ, ਗੁਰਦੀਪ ਸਿੰਘ ਰਾਮਪੁਰਾ, ਹਰਿੰਦਰ ਕੌਰ ਬਿੰਦੂ, ਪ੍ਰੇਮਪਾਲ ਕੌਰ, ਨਰਾਇਣ ਦੱਤ, ਰਮਿੰਦਰ ਪਟਿਆਲਾ ਆਦਿ ਬੁਲਾਰਿਆਂ ਨੇ ਕੀਤਾ।

ਬੁਲਾਰਿਆਂ ਐਲਾਨ ਕੀਤਾ ਕਿ ਪੰਜਾਬ ਦੀਆਂ ਜਨਤਕ ਜਮਹੂਰੀ ਸ਼ਕਤੀਆਂ ਨੇ ਪੰਜਾਬ ਸਰਕਾਰ ਵੱਲੋਂ ਧਾਰੇ ਹੋਏ ਹਠੀ ਰਵੱਈਏ ਅਤੇ ਪੰਜਾਬ ਦੇ ਲੋਕਾਂ ਦੀ, ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਨ ਦੀ ਮੰਗ ਨੂੰ ਅਣਗੌਲਿਆਂ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਹਾਕਮ, ਲੋਕ ਸੰਘਰਸ਼ ਦੀ ਤਾਬ ਝੱਲ ਨਹੀਂ ਸਕਣਗੇ ਅਤੇ ਸਰਕਾਰਾਂ ਨੂੰ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹਿਣਾ ਪਵੇਗਾ।

ਲੋਕਾਂ ਦਾ ਰੋਹ ਹਾਕਮਾਂ ਦੀ ਨੀਂਦ ਹਰਾਮ ਕਰੇਗਾ। ਇੱਕ ਨਾ ਇੱਕ ਦਿਨ ਪੰਜਾਬ ਸਰਕਾਰ ਤੇ ਗਵਰਨਰ ਨੂੰ ਇਹ ਸਜ਼ਾ ਰੱਦ ਕਰਨ ਦਾ 24.07.2007 ਵਾਂਗ ਹੀ ਕੌੜਾ ਘੁੱਟ ਭਰਨ ਲਈ ਲੋਕਾਂ ਦਾ ਸੰਘਰਸ਼ ਮਜ਼ਬੂਰ ਕਰ ਦੇਵੇਗਾ।

ਇਸ ਇਕੱਠ ਨੂੰ ਗੁਰਮੀਤ ਸੁਖਪੁਰ, ਗੁਰਮੇਲ ਠੁੱਲੀਵਾਲ, ਬੂਟਾ ਸਿੰਘ ਚਕਰ, ਨਿਰਵੈਲ ਸਿੰਘ ਡਾਲੇਕੇ, ਵਿਜੈ ਦੇਵ, ਹਰਭਗਵਾਨ ਮੂਨਕ, ਅਮਨਦੀਪ ਕੌਰ ਦਿਉਲ, ਮਨਪ੍ਰੀਤ ਭੱਟੀਵਾਲ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਲੰਮੇ ਸਮੇਂ ਦੇ ਸੰਘਰਸ਼ ਦੀ ਤਿਆਰੀ ਕਰ ਲਈ ਹੈ।

ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਪ੍ਰਸ਼ਾਸ਼ਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕੱਲ੍ਹ ਨੂੰ ਇਹ ਕਾਫ਼ਲਾ ਕਈ ਗੁਣਾਂ ਵਿਸ਼ਾਲ ਹੋਵੇਗਾ, ਹਾਕਮਾਂ ਦਾ ਭਰਮ ਕਿ ਅਸੀਂ ਮਹਿਮਦਪੁਰ ਦੀ ਮੰਡੀ ਬੈਠਕੇ ਵਾਪਸ ਮੁੜ ਜਾਵਾਂਗੇ। ਇਹ ਕਾਫ਼ਲਾ ਕੱਲ੍ਹ ਮੋਤੀ ਮਹਿਲ ਵੱਲ ਕੂਚ ਕਰੇਗਾ।

Share News / Article

Yes Punjab - TOP STORIES